ਕਾਨਪੁਰ, 29 ਨਵੰਬਰ (ਦਲਜੀਤ ਸਿੰਘ)- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦਾ ਪਹਿਲਾ ਮੈਚ ਡਰਾਅ ਹੋ ਗਿਆ ਹੈ। ਮੈਚ ਦੀ ਸ਼ੁਰੂਆਤ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ 10 ਵਿਕਟਾਂ ਦੇ ਨੁਕਸਾਨ ‘ਤੇ 345 ਦੌੜਾਂ ਬਣਾਈਆਂ। ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ‘ਚ 296 ਦੌੜਾਂ ‘ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਕੋਲ 49 ਦੌੜਾਂ ਦੀ ਬੜ੍ਹਤ ਆ ਗਈ। ਬੜ੍ਹਤ ਨਾਲ ਦੂਜੀ ਪਾਰੀ ਖੇਡਣ ਆਈ ਭਾਰਤੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ‘ਤੇ 234 ਦੌੜਾਂ ‘ਤੇ ਪਾਰੀ ਐਲਾਨੀ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 284 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਨਿਊਜ਼ੀਲੈਂਡ ਦੀ ਟੀਮ 9 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਹੀ ਬਣਾ ਸਕੀ ਜਿਸ ਕਾਰਨ ਮੈਚ ਡਰਾਅ ਹੋ ਗਿਆ। ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਨਿਊਜ਼ੀਲੈਂਡ ਦੀ ਦੂਜੀ ਵਿਕਟ ਵਿਲੀਅਮ ਸੋਮੇਰਵਿਲੇ ਦੇ ਤੌਰ ‘ਤੇ ਡਿੱਗੀ। ਸੋਮੇਰਵਿਲੇ 36 ਦੌੜਾਂ ਦੇ ਨਿੱਜੀ ਸਕੋਰ ‘ਤੇ ਉਮੇਸ਼ ਦੀ ਗੇਂਦ ‘ਤੇ ਸ਼ੁੱਭਮਨ ਗਿੱਲ ਦਾ ਸ਼ਿਕਾਰ ਬਣੇ।
ਨਿਊਜ਼ੀਲੈਂਡ ਦੀ ਤੀਜੀ ਵਿਕਟ ਟਾਮ ਲਾਥਮ ਦੇ ਤੌਰ ‘ਤੇ ਡਿੱਗੀ। ਟਾਮ ਲਾਥਮ 52 ਦੌੜਾਂ ਦੇ ਨਿੱਜੀ ਸਕੋਰ ‘ਤੇ ਅਸ਼ਵਿਨ ਦੀ ਗੇਂਦ ‘ਤੇ ਐਲ. ਬੀ. ਡਬਲਯੂ. ਆਊਟ ਹੋਏ। ਇਸ ਤੋਂ ਬਾਅਦ ਰਾਸ ਟੇਲਰ ਵੀ ਕੋਈ ਕਮਾਲ ਨਾ ਕਰ ਸਕੇ ਤੇ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਰਵਿੰਦਰ ਜਡੇਜਾ ਵਲੋਂ ਐੱਲ. ਬੀ. ਡਬਲਯੂ. ਆਊਟ ਹੋ ਕੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਹੈਨਰੀ ਨਿਕੋਲਸ 1 ਦੌੜ ਦੇ ਨਿੱਜੀ ਸਕੋਰ ‘ਤੇ ਅਕਸ਼ਰ ਪਟੇਲ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਕਪਤਾਨ ਕੇਨ ਵਿਲੀਅਮਸਨ ਵੀ ਕੁਝ ਖ਼ਾਸ ਨਾ ਕਰ ਸਕੇ। ਉਹ 24 ਦੌੜਾਂ ਦੇ ਨਿੱਜੀ ਸਕੋਰ ‘ਤੇ ਰਵਿੰਦਰ ਜਡੇਜਾ ਵਲੋਂ ਐਲ. ਬੀ. ਡਬਲਯੂ. ਆਊਟ ਹੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਟਾਮ ਬਲੰਡਲ ਵੀ 2 ਦੌੜਾਂ ਨੇ ਨਿੱਜੀ ਸਕੋਰ ‘ਤੇ ਅਸ਼ਵਿਨ ਵਲੋਂ ਬੋਲਡ ਹੋ ਕੇ ਪਵੇਲੀਅਨ ਵਲ ਚਲੇ ਗਏ।