ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਆਪਣੇ ਆਖ਼ਰੀ ਪੜਾਅ ‘ਚ ਪਹੁੰਚ ਚੁੱਕੀ ਹੈ। ਹੁਣ ਖ਼ਿਤਾਬੀ ਮੁਕਾਬਲੇ ‘ਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਜਿੱਥੇ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਹੈ, ਉੱਥੇ ਹੀ ਨਿਊਜ਼ੀਲੈਂਡ ਨੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖ਼ਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ ਹੈ। ਇਸੇ ਦੌਰਾਨ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਕੋਲ ਇਕ ਬੇਹੱਦ ਖ਼ਾਸ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੈ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ ਦੁਨੀਆ ਦੇ ਸਭ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਇੱਕ ਵਾਰ ਜਦੋਂ ਉਹ ਕ੍ਰੀਜ਼ ‘ਤੇ ਸੈੱਟ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਊਟ ਕਰਨਾ ਗੇਂਦਬਾਜ਼ਾਂ ਲਈ ਇਹ ਵੱਡੀ ਚੁਣੌਤੀ ਬਣ ਜਾਂਦਾ ਹੈ। ਜਦੋਂ ਵੀ ਟੀਮ ਮੁਸ਼ਕਲ ਸਥਿਤੀ ‘ਚ ਹੋਵੇ, ਉਨ੍ਹਾਂ ਨੇ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਟੀਮ ਨੂੰ ਮੁਸ਼ਕਲ ਸਥਿਤੀ ‘ਚੋਂ ਬਾਹਰ ਕੱਢਿਆ ਹੈ। ਹੁਣ ਇੱਕ ਵਾਰ ਫਿਰ ਭਾਰਤੀ ਪ੍ਰਸ਼ੰਸਕ ਉਨ੍ਹਾਂ ਤੋਂ ਚੈਂਪੀਅਨਜ਼ ਟਰਾਫੀ 2025 ਵਿੱਚ ਵੱਡੀ ਪਾਰੀ ਦੀ ਉਮੀਦ ਕਰ ਰਹੇ ਹਨ। ਇਹ ਵਿਰਾਟ ਦਾ ਲਗਾਤਾਰ ਤੀਜਾ ਚੈਂਪੀਅਨਜ਼ ਟਰਾਫੀ ਫਾਈਨਲ ਹੋਵੇਗਾ। ਇਸ ਤੋਂ ਪਹਿਲਾਂ ਉਹ 2013 ਅਤੇ 2017 ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵੀ ਖੇਡ ਚੁੱਕੇ ਹਨ।
5 ਦੌੜਾਂ ਬਣਾਉਂਦੇ ਹੀ ਕੋਹਲੀ ਰਚ ਦੇਣਗੇ ਇਤਿਹਾਸ
ਵਿਰਾਟ ਕੋਹਲੀ ਹੁਣ ਤੱਕ ਦੋ ਵਨ ਡੇ ਵਿਸ਼ਵ ਕੱਪ ਫਾਈਨਲ (2011 ਅਤੇ 2023) ਅਤੇ ਦੋ ਚੈਂਪੀਅਨਜ਼ ਟਰਾਫੀ ਫਾਈਨਲ (2013, 2017) ਖੇਡ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਚਾਰ ਵਨਡੇ ਆਈ.ਸੀ.ਸੀ. ਟੂਰਨਾਮੈਂਟ ਫਾਈਨਲ ਮੈਚਾਂ ਵਿੱਚ 34.25 ਦੀ ਔਸਤ ਨਾਲ 137 ਦੌੜਾਂ ਬਣਾਈਆਂ ਹਨ। ਇਨ੍ਹਾਂ ਮੁਕਾਬਲਿਆਂ ‘ਚ ਉਨ੍ਹਾਂ ਨੇ ਇਕ ਅਰਧ ਸੈਂਕੜਾ ਵੀ ਜੜਿਆ ਹੈ। ਵਿਰਾਟ ਆਈ.ਸੀ.ਸੀ. ਵਨਡੇ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਭਾਰਤ ਲਈ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਹਾਲਾਂਕਿ ਉਨ੍ਹਾਂ ਕੋਲ ਸੌਰਵ ਗਾਂਗੁਲੀ ਦਾ ਇਹ ਰਿਕਾਰਡ ਤੋੜਨ ਦਾ ਸੁਨਹਿਰੀ ਮੌਕਾ ਹੈ। ਗਾਂਗੁਲੀ ਨੇ ਭਾਰਤ ਲਈ ਚਾਰ ਆਈ.ਸੀ.ਸੀ. ਫਾਈਨਲਾਂ ਵਿੱਚ ਕੁੱਲ 141 ਦੌੜਾਂ ਬਣਾਈਆਂ ਹਨ ਤੇ ਕੋਹਲੀ ਉਨ੍ਹਾਂ ਤੋਂ ਸਿਰਫ਼ 5 ਦੌੜਾਂ ਪਿੱਛੇ ਹਨ।