ਫ਼ਿਰੋਜ਼ਪੁਰ, 24 ਨਵੰਬਰ (ਦਲਜੀਤ ਸਿੰਘ)- ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਸਥਿਤ ਸਤਲੁਜ ਦਰਿਆ ਦੇ ਇਲਾਕੇ ’ਚ ਅੱਜ ਐਕਸਾਈਜ ਵਿਭਾਗ ਨੇ ਵੱਡੀ ਰੇਡ ਮਾਰੀ। ਇਸ ਰੇਡ ਦੌਰਾਨ ਸਰਹੱਦੀ ਪਿੰਡਾਂ ਅਲੀ ਕੇ, ਚਾਂਦੀਵਾਲਾ ਅਤੇ ਹਬੀਬ ਕੇ ’ਚ ਤਿਆਰ ਕੀਤੀ ਜਾਂਦੀ ਲਾਹਣ ਤੇ ਨਾਜਾਇਜ਼ ਨਜਾਇਜ਼ ਸ਼ਰਾਬ ਸਮੇਤ ਹੋਰ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਐਕਸਾਈਜ ਇੰਸਪੈਕਟਰ ਸਤਿੰਦਰ ਮੱਲੀ ਨੇ ਦੱਸਿਆ ਕਿ ਐਕਸਾਈਜ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਰਿਆ ਦੇ ਏਰੀਆ ’ਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ।
ਇਸ ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ 24 ਹਜ਼ਾਰ ਲੀਟਰ ਲਾਹਣ, ਨਾਜਾਇਜ਼ ਸ਼ਰਾਬ ਦੀਆਂ 1900 ਬੋਤਲਾਂ, 13 ਤਰਪਾਲਾਂ, 13 ਰਬੜ ਨਾਲ ਭਰੀਆਂ ਟਿਊਬਾਂ, 4 ਖਾਲੀ ਟਿਊਬਾਂ, 4 ਐਲੂਮੀਨੀਅਮ ਦੇ ਡਰੰਮ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਭੱਠੀ ਬਰਾਮਦ ਕਰ ਲਈ। ਉਨ੍ਹਾਂ ਦੱਸਿਆ ਕਿ ਐਕਸਾਈਜ ਵਿਭਾਗ ਦੀ ਟੀਮ ਨੂੰ ਦੇਖ ਕੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਉਥੋਂ ਭੱਜ ਗਏ ਅਤੇ ਬਰਾਮਦ ਹੋਈ ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਉਥੇ ਹੀ ਨਸ਼ਟ ਕਰ ਦਿੱਤਾ।