ਅੰਮ੍ਰਿਤਸਰ – ਗੁਰੂ ਨਗਰੀ ਵਿਚ ਬੀਤੇ ਦਿਨੀਂ ਮੌਸਮ ਵਿਚ ਤਬਦੀਲੀ ਆਉਣ ਨਾਲ ਆਏ ਤੇਜ਼ ਤੂਫ਼ਾਨ ਅਤੇ ਭਾਰੀ ਬਰਸਾਤ ਨੇ ਪਿਛਲੇ 53 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਹਿਰ ਵਿਚ ਹੋਈ ਤੇਜ਼ ਬਰਸਾਤ ਦੇ ਨਾਲ ਉਥੇ ਹੀ ਜ਼ਰਜਰ ਇਮਾਰਤਾਂ ਲੋਕਾਂ ਨੂੰ ਡਰਾਉਣ ਲੱਗ ਪਈਆਂ ਹਨ ਅਤੇ ਤੂਫ਼ਾਨ ਨੇ ਸ਼ਹਿਰ ਦੀਆਂ ਸੜਕਾਂ, ਪਾਰਕਾਂ ਆਦਿ ’ਤੇ ਪੂਰਾ ਤਾਂਡਵ ਮਚਾਇਆ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਵਲੋਂ ਸ਼ਹਿਰ ਵਿਚ ਜ਼ਰਜਰ ਇਮਾਰਤਾਂ ਨੂੰ ਲੈ ਕੇ ਏ. ਟੀ. ਪੀ. ਨੂੰ ਨੋਟਿਸ ਜਾਰੀ ਕੀਤੇ ਹਨ ਕਿ ਇਮਾਰਤਾਂ ਦਾ ਸਰਵੇਖਣ ਕੀਤਾ ਜਾਵੇ ਅਤੇ ਬਰਸਾਤ ਆਉਣ ਤੋਂ ਪਹਿਲਾਂ-ਪਹਿਲਾਂ ਢਹਾਉਣ ਦੀਆਂ ਹਦਾਇਤਾਂ ਕੀਤੀਆਂ ਜਾਣ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਅੰਮ੍ਰਿਤਸਰ ਵਿਚ ਪਿਛਲੇ 24 ਘੰਟਿਆਂ ਦੌਰਾਨ 129.5 ਐੱਮ. ਐੱਮ. ਮੀਂਹ ਨੋਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 30 ਜੂਨ 1970 ਨੂੰ 92.6 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ ਸੀ। ਇਸ ਵਾਰ ਜੂਨ ਦੇ ਮਹੀਨੇ ਪਏ ਗੜੇ ਅਤੇ ਤੇਜ਼ ਤੂਫ਼ਾਨ ਤੇ ਮੀਂਹ ਨੇ ਪਿਛਲੇ 53 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦੀਆਂ ਸੜਕਾਂ ’ਤੇ ਖੱਡਿਆਂ ਦੀ ਭਰਮਾਰ ਹੋਈ ਪਈ ਹੈ ਅਤੇ ਬਰਸਾਤੀ ਪਾਣੀ ਨਾਲ ਭਰੇ ਹੋਏ ਹਨ, ਜਿਨ੍ਹਾਂ ਵਿਚ ਲੋਕ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਵੱਖ-ਵੱਖ ਏਜੰਸੀਆਂ ਵਲੋਂ ਸ਼ਹਿਰ ਵਿਚ ਕੀਤੇ ਕੰਮਾਂ ਦੀ ਵੀ ਖੋਲ੍ਹ ਦਿੱਤੀ ਗਈ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਹੋਏ ਕੰਮਾਂ ਤੋਂ ਬਾਅਦ ਉਥੇ ਟੋਏ ਪੈ ਗਏ ਹਨ, ਜਿਸ ਨੂੰ ਲੈ ਕੇ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਹੈ।
ਸਮਾਰਟ ਸਿਟੀ ਤਹਿਤ ਹੋ ਰਹੇ ਵਿਕਾਸ ਕਾਰਜਾਂ ਵਿਚ ਖਜ਼ਾਨੇ ਵਾਲੇ ਗੇਟ ਤੋਂ ਲੈ ਕੇ ਗਿਲਵਾਲੀ ਗੇਟ ਤੱਕ ਕਈ ਥਾਵਾਂ ’ਤੇ ਲੱਗੀਆਂ ਸਟਰੀਟ ਦੇ ਖੰਭੇ ਤੇਜ਼ ਤੂਫ਼ਾਨ ਨਾਲ ਟੁੱਟ ਚੁੱਕੇ ਹਨ। ਇਹ ਖੰਭੇ ਕੁਝ ਸਮਾਂ ਪਹਿਲਾਂ ਹੀ ਲਗਾਏ ਗਏ ਸਨ, ਜਿਸ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਸਮਾਰਟ ਸਿਟੀ ਤਹਿਤ ਹੋ ਰਹੇ ਕੰਮਾਂ ਵਿਚ ਘਟੀਆ ਮਟੀਰੀਅਲ ਤਾਂ ਨਹੀਂ ਵਰਤਿਆ ਜਾ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ।