ਨਵੀਂ ਦਿੱਲੀ, 17 ਨਵੰਬਰ (ਦਲਜੀਤ ਸਿੰਘ)- ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਨਾਲ ਹਾਲਾਤ ਬੇਕਾਬੂ ਹਨ। ਇਸ ਨੂੰ ਵੇਖਦਿਆਂ ਹੋਇਆ ਦਿੱਲੀ- ਐੱਨ. ਸੀ. ਆਰ. ’ਚ ਸਾਰੇ ਸਕੂਲ ਅਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਆਨਲਾਈਨ ਹੀ ਪੜ੍ਹਾਈ ਹੋਵੇਗੀ। ਇਸ ਦੇ ਨਾਲ ਹੀ ਦਫ਼ਤਰਾਂ, ਕੰਸਟ੍ਰਕਸ਼ਨ ਅਤੇ ਟਰੱਕਾਂ ਦੀ ਐਂਟਰੀ ਨੂੰ ਲੈ ਕੇ ਫ਼ੈਸਲੇ ਲਏ ਗਏ ਹਨ। ਦਿੱਲੀ ਵਿਚ ਟਰੱਕਾਂ ਦੀ ਦਿੱਲੀਂ ’ਚ ਐਂਟਰੀ ’ਤੇ ਵੀ 21 ਨਵੰਬਰ ਤੱਕ ਰੋਕ ਲਾ ਦਿੱਤੀ ਗਈ ਹੈ। ਸਾਰੇ ਸਰਕਾਰੀ ਦਫ਼ਤਰਾਂ ਨੂੰ 21 ਨਵੰਬਰ ਤੱਕ 50 ਫ਼ੀਸਦੀ ਸਮਰੱਥਾ ਨਾਲ ਹੀ ਕੰਮ ਕਰਨ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਦਿੱਲੀ ਦੇ 300 ਕਿਲੋਮੀਟਰ ਦੇ ਦਾਇਰੇ ’ਚ ਸਥਿਤੇ 11 ਥਰਮਲ ਪਾਵਰ ਪਲਾਂਟ ਯਾਨੀ ਕਿ ਕੋਲੇ ਤੋਂ ਬਿਜਲੀ ਉਤਪਾਦਨ ਕਰਨ ਵਾਲੇ ਕਾਰਖ਼ਾਨਿਆਂ ’ਚੋਂ ਸਿਰਫ਼ 5 ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। 21 ਨਵੰਬਰ ਤੱਕ ਹਰ ਤਰ੍ਹਾਂ ਦੇ ਕੰਸਟ੍ਰਕਸ਼ਨ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਰੇਲਵੇ ਸਰਵਿਸ, ਮੈਟਰੋ, ਏਅਰਪੋਰਟ ਅਤੇ ਇੰਟਰ ਬੱਸ ਟਰਮੀਨਲ ਅਤੇ ਰੱਖਿਆ ਨਾਲ ਜੁੜੀ ਕੰਸਟ੍ਰਕਸ਼ਨ ਜਾਰੀ ਰਹੇਗੀ।
ਜੇਕਰ ਕੋਈ ਵਿਅਕਤੀ ਜਾਂ ਸੰਸਥਾ ਸੜਕ ਕੰਢੇ ਕੰਸਟ੍ਰਕਸ਼ਨ ਨਾਲ ਜੁੜਿਆ ਮਲਬਾ ਸੁੱਟਦਾ ਹੋਇਆ ਵੇਖਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜ਼ੁਰਮਾਨਾ ਲਾਇਆ ਜਾਵੇਗਾ। ਗੱਡੀਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ’ਚ ਸਾਰੇ ਟਰੱਕਾਂ ਦੀ ਐਂਟਰੀ ’ਤੇ 21 ਨਵੰਬਰ ਤੱਕ ਰੋਕ ਲਾ ਦਿੱਤੀ ਗਈ ਹੈ। ਇਸ ’ਚੋਂ ਸਿਰਫ਼ ਜ਼ਰੂਰੀ ਸਮਾਨਾਂ ਨੂੰ ਢੋਹਣ ਵਾਲੇ ਟਰੱਕਾਂ ਨੂੰ ਹੀ ਛੋਟ ਦਿੱਤੀ ਜਾਵੇਗੀ। ਓਧਰ ਭਾਰਤੀ ਮੌਸਮ ਵਿਭਾਗ ਦੇ ਵਿਿਗਆਨੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਦਿੱਲੀ-ਐੱਨ. ਸੀ. ਆਰ. ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਸਥਿਤੀ ਵਿਚ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿਚ ਵੀ ਇਸ ’ਚ ਕੋਈ ਸੁਧਾਰ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।