ਲੁਧਿਆਣਾ : ਬਰਫ਼ੀਲੀਆਂ ਹਵਾਵਾਂ ਵਿਚਾਲੇ ਮੰਗਲਵਾਰ ਨੂੰ ਵੀ ਧੁੰਦ ਦੀ ਚਿੱਟੀ ਚਾਦਰ ਨੇ ਪੂਰੇ ਪੰਜਾਬ ਨੂੰ ਢੱਕੀ ਰੱਖਿਆ। ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾਰਾ ਤੇ ਬਠਿੰਡੇ ’ਚ ਦ੍ਰਿਸ਼ਟਤਾ ਸਿਫ਼ਰ ਤੋਂ ਪੰਜਾਹ ਮੀਟਰ ਵਿਚਾਲੇ ਰਹੀ। ਦੁਪਹਿਰ ਤਿੰਨ ਵਜੇ ਤਕ ਧੁੱਪ ਨਹੀਂ ਨਿਕਲੀ ਤੇ ਸੀਤ ਲਹਿਰ ਨੇ ਪੂਰਾ ਦਿਨ ਲੋਕਾਂ ਨੂੰ ਕੰਬਣ ਲਈ ਮਜਬੂਰ ਕਰੀ ਰੱਖਿਆ। ਇਸ ਨਾਲ ‘ਕੋਲਡ ਡੇ’ ਤੇ ‘ਸੀਵੀਅਰ ਕੋਲਡ ਡੇ’ ਦੀ ਸਥਿਤੀ ਬਣੀ ਰਹੀ।
ਕਈ ਸ਼ਹਿਰਾਂ ’ਚ ਦਿਨ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਜ਼ਿਆਦਾਤਰ ਸ਼ਹਿਰਾਂ ’ਚ ਦਿਨ ਦਾ ਤਾਪਮਾਨ ਅੱਠ ਤੋਂ ਦਸ ਡਿਗਰੀ ਘੱਟ ਰਿਹਾ। ਉਧਰ ਦਿਨ ਤੇ ਰਾਤ ਦੇ ਤਾਪਮਾਨ ’ਚ ਮਹਿਜ਼ ਦੋ ਤੋਂ ਤਿੰਨ ਡਿਗਰੀ ਦਾ ਫ਼ਰਕ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡਾ ਤੇ ਗੁਰਦਾਸਪੁਰ ਦਾ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ ਜਦਕਿ ਮੁਹਾਲੀ ਦਾ ਤਾਪਮਾਨ 5.4 ਡਿਗਰੀ, ਹੁਸ਼ਿਆਰਪੁਰ ਦਾ 3.4, ਅੰਮ੍ਰਿਤਸਰ ਦਾ 5.6, ਪਟਿਆਲੇ ਦਾ 4.8 ਤੇ ਬਠਿੰਡੇ ਦਾ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।