‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਆਪਣੀ ਜਾਨ ਦੇਣ ਦੀ ਕੀਤੀ ਕੋਸ਼ਿਸ਼

baba k dhaba/ nawanpunjab.com

ਨਵੀਂ ਦਿੱਲੀ, 18 ਜੂਨ (ਦਲਜੀਤ ਸਿੰਘ)- ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਵੀਰਵਾਰ ਨੂੰ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਉਸ ਯੂ-ਟਿਊਬਰ ਤੋਂ ਮੁਆਫ਼ੀ ਮੰਗੀ ਸੀ, ਜਿਨ੍ਹਾਂ ਨੇ ਪਹਿਲੇ ਲਾਕਡਾਊਨ ਦੇ ਸਮੇਂ ਬਾਬਾ ਦਾ ਵੀਡੀਓ ਬਣਾਇਆ ਸੀ ਅਤੇ ਉਹ ਰਾਤੋ-ਰਾਤ ਫੇਮਸ ਹੋ ਗਏ ਸਨ।

ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਕਾਂਤਾ ਪ੍ਰਸਾਦ ਨੇ ਵੀਰਵਾਰ ਰਾਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਨੀਂਦ ਦੀਆਂ ਗੋਲੀਆਂ ਖਾਧੀਆਂ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ। ਰਿਪੋਰਟ ਅਨੁਸਾਰ, ਕਾਂਤਾ ਪ੍ਰਸਾਦ ਨੂੰ ਤੁਰੰਤ ਦਿੱਲੀ ਦੇ ਸਫ਼ਦਰਜੰਗ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਾਂਤਾ ਪ੍ਰਸਾਦ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਸੰਬਰ ‘ਚ ਉਨ੍ਹਾਂ ਵਲੋਂ ਖੋਲ੍ਹੇ ਗਏ ਰੈਸਟੋਰੈਂਟ ਨੂੰ ਬੰਦ ਕਰਨਾ ਪਿਆ ਅਤੇ ਸੜਕ ਕਿਨਾਰੇ ਪੁਰਾਣੇ ਸਟਾਲ ‘ਤੇ ਵਾਪਸ ਆ ਗਏ, ਕਿਉਂਕਿ ਨਵੇਂ ਕਾਰੋਬਾਰ ਨੂੰ ਚਲਾਉਣ ਦੀ ਲਾਗਤ ਲਗਭਗ ਇਕ ਲੱਖ ਰੁਪਏ ਸੀ, ਜਦੋਂ ਕਿ ਉਨ੍ਹਾਂ ਦੀ ਆਮਦਨ ਸਿਰਫ਼ 30 ਹਜ਼ਾਰ ਰੁਪਏ ਸੀ।

ਕਾਂਤਾ ਪ੍ਰਸਾਦ ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਵੀਡੀਓ ਰਾਹੀਂ ਦੇਸ਼ ਭਰ ‘ਚ ਚਰਚਾ ‘ਚ ਆਏ ਸਨ। ਉਨ੍ਹਾਂ ਦੀ ਮਦਦ ਲਈ ਕਈ ਲੋਕਾਂ ਨੇ ਮਦਦ ਦਾ ਹੱਥ ਵਧਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਸਥਿਤੀ ਕਾਫ਼ੀ ਬਿਹਤਰ ਹੋ ਗਈ ਸੀ। ਕਾਂਤਾ ਪ੍ਰਸਾਦ ਨੇ ਨਵਾਂ ਰੈਸਟੋਰੈਂਟ ਖੋਲ੍ਹ ਲਿਆ ਸੀ ਪਰ ਉਹ ਕਰੀਬ 4 ਮਹੀਨੇ ਪਹਿਲਾਂ ਬੰਦ ਹੋ ਗਿਆ। ਇਸ ਕਾਰਨ ਉਹ ਫਿਰ ਤੋਂ ਆਪਣੇ ਢਾਬੇ ‘ਤੇ ਖਾਣਾ ਵੇਚਣ ਲੱਗੇ। ਬਾਬਾ ਦੇ ਫਿਰ ਤੋਂ ਪੁਰਾਣੀ ਜਗ੍ਹਾ ਆਉਣ ‘ਤੇ ਯੂ-ਟਿਊਬਰ ਗੌਰਵ ਵਾਸਨ ਨੇ ਕਿਹਾ,”ਕਰਮ ਤੋਂ ਉੱਪਰ ਇਸ ਦੁਨੀਆ ‘ਚ ਕੁਝ ਨਹੀਂ।”

Leave a Reply

Your email address will not be published. Required fields are marked *