ਚੰਡੀਗੜ੍ਹ, 11 ਨਵੰਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰ ਚਰਨਜੀਤ ਚੰਨੀ ਦੀ ਕਰਨੀ ਤੇ ਕਥਨੀ ਉੱਪਰ ਸਵਾਲ ਉਠਾਏ ਹਨ। ਰਾਜੇਵਾਲ ਨੇ ਦਾਅਵਾ ਕੀਤਾ ਹੈ ਕਿ ਉਹ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਨੂੰ ਫ਼ੋਨ ਕਰ ਰਹੇ ਹਨ ਪਰ ਚੰਨੀ ਫ਼ੋਨ ਨਹੀਂ ਚੁੱਕ ਰਹੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਆਮ ਪਬਲਿਕ ਦਾ ਅੱਧੀ ਰਾਤ ਨੂੰ ਵੀ ਫ਼ੋਨ ਚੁੱਕਦੇ ਹਨ ਪਰ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਚੰਨੀ ਕਿਸਾਨਾਂ ਦੇ ਨੁਮਾਇੰਦੇ ਦਾ ਫੋਨ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ। ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ’ਚ ਕਿਸਾਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਡੀਏਪੀ ਖਾਦ ਦੀ ਸ਼ਰੇਆਮ ਕਾਲਾਬਾਜ਼ਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਨੂੰ ਫ਼ੋਨ ਕਰ ਰਹੇ ਹਨ ਪਰ ਚੰਨੀ ਫ਼ੋਨ ਨਹੀਂ ਚੁੱਕ ਰਹੇ। ਉਨ੍ਹਾਂ ਕਿਹਾ ਕਿ ਜਦੋਂ ਚੰਨੀ ਨੂੰ ਖ਼ੁਦ ਲੋੜ ਹੁੰਦੀ ਹੈ ਤਾਂ ਉਦੋਂ ਫ਼ੋਨ ਕਰ ਲੈਂਦੇ ਹਨ ਪਰ ਜਦੋਂ ਕਿਸਾਨਾਂ ਨੂੰ ਸੰਕਟ ਵਿਚ ਲੋੜ ਪੈਂਦੀ ਹੈ ਤਾਂ ਉਹ ਅਣਦੇਖੀ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਇਹ ਆਖ ਛੱਡਦੇ ਹਨ ਕਿ ਗੱਲ ਕਰਾ ਦਿਆਂਗੇ ਪਰ ਹਾਲੇ ਤੱਕ ਗੱਲ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਕਿ ਪਿਛਲੇ ਦਿਨਾਂ ਵਿਚ ਚੰਨੀ ਨੇ ਖ਼ੁਦ ਰਾਜੇਵਾਲ ਨੂੰ ਫ਼ੋਨ ਕੀਤਾ ਸੀ। ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ ਜਦੋਂ ਕਿ 15 ਤੋਂ 20 ਫ਼ੀਸਦੀ ਝੋਨਾ ਹਾਲੇ ਵੀ ਖੇਤਾਂ ਵਿਚ ਖੜ੍ਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਮੰਡੀਆਂ ਵਿਚ ਫ਼ਸਲ ਦੇ ਅੰਬਾਰ ਲੱਗਦੇ ਹਨ ਤਾਂ ਉਹ ਸੜਕਾਂ ਜਾਮ ਕਰ ਦੇਣ। ਰਾਜੇਵਾਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਡੀਏਪੀ ਖਾਦ ਵਿੱਚ ਲੁੱਟ ਹੋ ਰਹੀ ਹੈ ਅਤੇ ਸਰਕਾਰ ਸਮੇਂ ਸਿਰ ਡੀਏਪੀ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ ਜਿਸ ਦੇ ਨਤੀਜੇ ਵਜੋਂ ਰਾਜ ਵਿਚ ਖਾਦ ਦੀ ਕਾਲਾਬਾਜ਼ਾਰੀ ਵਧ ਗਈ ਹੈ।