ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਬਾਗੀਆਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਮਿਲੇ ਸਪੱਸ਼ਟੀਕਰਨ ਨੂੰ ਜਨਤਕ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ 30 ਅਗਸਤ ਨੂੰ ਇਕੱਤਰਤਾ ਰੱਖ ਲਈ ਹੈ। 30 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਵੇਗੀ ਜਿਸ ਵਿਚ ਉਪਰੋਕਤ ਮਾਮਲੇ ’ਤੇ ਵਿਚਾਰ ਚਰਚਾ ਹੋਵੇਗੀ। ਜਥੇਦਾਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਬੰਦ ਕਮਰਾ ਫ਼ੈਸਲਾ ਸੁਣਾਉਂਣ ਦੇ ਰੁਝਾਨ ਨੂੰ ਬਦਲ ਦਿੱਤਾ ਹੈ। ਹੁਣ ਜਾਣੇ-ਅਣਜਾਣੇ ਨਹੀਂ ਗੁਨਾਹ ਕਬੂਲਣੇ ਪੈਣਗੇ। ਜਿਸ ਖ਼ਿਲਾਫ਼ ਸ਼ਿਕਾਇਤ ਹੋਵੇ, ਉਸ ਪਾਸੋਂ ਲਿਖਤੀ ਸਪੱਸ਼ਟੀਕਰਨ ਲੈ ਕੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸੰਗਤ ਸਾਹਮਣੇ ਲੱਗੇ ਦੋਸ਼ ਕਬੂਲਣੇ ਪੈਂਦੇ ਹਨ। ਹਰੇਕ ਉਸ ਵਿਅਕਤੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਕੱਲਾ-ਇਕੱਲਾ ਦੋਸ਼ ਪੜ੍ਹ ਕੇ ਸੁਣਾਇਆ ਜਾਂਦਾ ਹੈ ਅਤੇ ਬਿਨ੍ਹਾਂ ਕਿਸੇ ਸਵਾਲ ਜਵਾਬ ਦੇ ਵਿਅਕਤੀ ਨੂੰ ਹਾਂ ਜਾਂ ਨਾਂਹ ਵਿਚ ਜੁਆਬ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ੀ ਭੁਗਤਣੀ ਪਵੇਗੀ।
ਹੁਣ ਜਾਣੇ-ਅਣਜਾਣੇ ਨਾਲ ਨਹੀਂ ਸਰੇਗਾ, ਕਬੂਲਣੇ ਪੈਣਗੇ ਗੁਨਾਹ; 30 ਨੂੰ ਸੁਖਬੀਰ ਬਾਦਲ ਬਾਰੇ ਸੁਣਾਇਆ ਜਾਵੇਗਾ ਫੈਸਲਾ
