ਚੰਡੀਗੜ੍ਹ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅੱਜ ਚੰਡੀਗੜ੍ਹ ਵਿਚ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ ਕਮਿਸ਼ਨਰ ਜਸਟਿਸ ਸੁਰਿੰਦਰ ਸਿੰਘ ਸਾਰੋਂ ਨਾਲ ਮੁਲਾਕਾਤ ਕੀਤੀ। ਵਫ਼ਦ ਨਾਲ ਪੁੱਜੇ ਤਰਸੇਮ ਸਿੰਘ ਨੇ ਮੁੱਖ ਕਮਿਸ਼ਨਰ ਨਾਲ ਨਵੀਆਂ ਵੋਟਾਂ ਬਣਾਉਣ ਦੇ ਮਾਮਲੇ ’ਤੇ ਚਰਚਾ ਕੀਤੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਐੱਨਐੱਸਏ ਤਹਿਤ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਤਰਸੇਮ ਸਿੰਘ ਤੇ ਸੀਨੀਅਰ ਆਗੂ ਭਾਈ ਸਰਵਣ ਸਿੰਘ ਅਗਵਾਨ ਦੀ ਅਗਵਾਈ ਵਿੱਚ ਇੱਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਜਸਟਿਸ ਸੁਰਿੰਦਰ ਸਿੰਘ ਸਾਰੋਂ ਨੂੰ ਮਿਲਿਆ। ਵਫ਼ਦ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਵੋਟਾਂ ਬਣਾਉਣ ਲਈ ਜਿਸ ਰਫ਼ਤਾਰ ਨਾਲ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ। ਨੌਜਵਾਨਾਂ ਦੀਆਂ ਵੋਟਾਂ ਬਣਾਉਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸਿੱਖ ਵਸੋਂ ਦੀ ਗਿਣਤੀ ਦੇ ਪੱਖੋਂ ਜੇ ਦੇਖਿਆ ਜਾਏ ਤਾਂ ਬਣ ਚੁਕੀਆਂ ਵੋਟਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਪੈਸ਼ਲ ਆਦੇਸ਼ ਦਿੰਦੇ ਹੋਏ ਇਸ ਸਬੰਧੀ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਹੁਣ ਤੋਂ ਹੀ ਆਪੋ ਆਪਣੇ ਹਲਕਿਆਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਧਰਮ ਪਰਪੱਕ ਨੌਜਵਾਨਾਂ ਦੀ ਚੋਣ ਕਰਕੇ ਇੱਕ ਉਮੀਦਵਾਰ ’ਤੇ ਹੀ ਸਰਬਸੰਮਤੀ ਬਣਾਉਣੀ ਚਾਹੀਦੀ ਹੈ।