ਅੰਮ੍ਰਿਤਸਰ, 29 ਅਕਤੂਬਰ (ਦਲਜੀਤ ਸਿੰਘ)- ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. ਨੂੰ ਪੰਜਾਬ ‘ਚ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਦਾ ਅਧਿਕਾਰ ਦੇਣ ਦੇ ਵਿਰੋਧ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਹਗਾ ਬਾਰਡਰ, ਅਟਾਰੀ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਵਿਰੋਧ ਮਾਰਚ ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵਿਰੋਧ ਮਾਰਚ ਮੁੱਖ ਮੰਤਰੀ ਚੰਨੀ ਦੀ ਕਾਂਗਰਸ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਬੀ.ਐੱਸ.ਐੱਫ. ਨੂੰ ਪੰਜਾਬ ‘ਚ ਵੱਧ ਅਧਿਕਾਰ ਦੇਣ ਦੇ ਵਿਰੋਧ ’ਚ ਕੀਤਾ ਗਿਆ ਹੈ।
ਮੁੱਖ ਮੰਤਰੀ ਚੰਨੀ ‘ਤੇ ਤੰਜ ਕੱਸਦੇ ਹੋਏ ਸੁਖਬੀਰ ਨੇ ਕਿਹਾ ਕਿ ਹੁਣ ਡਰਾਮੇ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਸਹੀ ਫ਼ੈਸਲਾ ਲੈਂਦੇ ਹੋਏ ਬੀ.ਐੱਸ.ਐੱਫ਼. ਨੂੰ ਦਿੱਤੇ ਅਧਿਕਾਰ ਪੰਜਾਬ ਪੁਲਸ ਨੂੰ ਦੇਣੇ ਚਾਹੀਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਹਰ ਰੋਜ਼ ਦਿੱਲੀ ਬੁਲਾ ਲਿਆ ਜਾਂਦਾ ਹੈ ਅਤੇ ਸਾਰੇ ਫ਼ੈਸਲੇ ਰਾਹੁਲ ਗਾਂਧੀ ਵੱਲੋਂ ਲਏ ਜਾਂਦੇ ਹਨ। ਇਹ ਫ਼ੈਸਲੇ ਭਾਵੇਂ ਪੰਜਾਬ ਦੇ ਉਲਟ ਹੀ ਕਿਉਂ ਨਾ ਹੋਣ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੁਰਸੀ ਲਈ ਲੜ ਰਹੀ ਹੈ। ਸੁਖਬੀਰ ਨੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿੱਚ ਵੱਡੀ ਜ਼ਿੰਮੇਵਾਰੀ ਮਿਲਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਦੀ ਚੁੱਪ ‘ਤੇ ਵੀ ਸਵਾਲ ਉਠਾਏ ਹਨ।