ਫਿਰੋਜ਼ਪੁਰ , 15 ਜੂਨ (ਦਲਜੀਤ ਸਿੰਘ)- ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਐਨਕਾਊਂਟਰ ਮਾਮਲੇ ’ਚ ਇਕ ਹੋਰ ਖ਼ੁਲਾਸਾ ਹੋਇਆ ਹੈ। ਦਰਅਸਲ ਵੈਸਟ ਬੰਗਾਲ ਐੱਸ. ਟੀ. ਐੱਫ. ਨੂੰ ਜਿਸ ਫਲੈਟ ਵਿਚ ਜੈਪਾਲ ਠਹਿਿਰਆ ਹੋਇਆ ਸੀ ਉਥੋਂ ਉਸ ਦੇ ਤਿੰਨ ਮੋਬਾਇਲ ਬਰਾਮਦ ਹੋਏ ਹਨ। ਇਨ੍ਹਾਂ ਵਿਚੋ ਇਕ ਮੋਬਾਇਲ ਵਿਚ ਲਗਭਗ 20 ਨੰਬਰ ਸੇਵ ਸਨ। ਇਹ ਸਾਰੇ ਨੰਬਰ ਐਲਫਾਬੇਟ ਵਰਗੇ ਏ. ਬੀ. ਸੀ. ਤੇ ਡੀ. ਨਾਲ ਸੇਵ ਹਨ। ਟੀਮ ਨੇ ਸਾਰੇ ਨੰਬਰਾਂ ਨੂੰ ਚੈੱਕ ਕੀਤਾ ਪਰ ਇਹ ਜੈਪਾਲ ਦੀ ਮੌਤ ਬਾਅਦ ਹੀ ਬੰਦ ਹਨ। ਟੀਮ ਵਲੋਂ ਜੈਪਾਲ ਦੇ ਮੋਬਾਇਲਾਂ ਦੀ ਕਾਲ ਡਿਟੇਲ ਵੀ ਕੱਢੀ ਗਈ ਹੈ। ਇਸ ਦੌਰਾਨ ਇਹ ਵੀ ਗੱਲ ਸਾਹਮਣਏ ਆਈ ਕਿ ਇਸ ਵਿਚ ਇਕ ਨੰਬਰ ’ਤੇ ਜੈਪਾਲ ਵਲੋਂ ਦੋ ਦਿਨਾਂ ਵਿਚ 63 ਵਾਰ ਕਾਲ ਕੀਤੀ ਗਈ ਸੀ ਪਰ ਇਹ ਨੰਬਰ ਕਿਸਦਾ ਹੈ, ਅਜੇ ਇਸ ਬਾਰੇ ਵਿਚ ਪਤਾ ਨਹੀਂ ਲੱਗ ਸਕਿਆ ਹੈ। ਅਖ਼ਬਾਰੀ ਰਿਪੋਰਟਾਂ ਮੁਤਾਬਕ ਉਕਤ ਨੰਬਰ ਮਿਲਾਉਣ ’ਤੇ ਇਹ ਬੰਦ ਆ ਰਿਹਾ ਹੈ। ਉਹ ਐਨਕਾਊਂਟਰ ਤੋਂ ਬਾਅਦ ਤੋਂ ਚਾਲੂ ਹੀ ਨਹੀਂ ਹੋਇਆ। ਟੀਮ ਵਲੋਂ ਉਸ ਦੇ ਬਾਕੀ ਮੋਬਾਇਲ ਵੀ ਚੈੱਕ ਕੀਤੇ ਜਾ ਰਹੇ ਹਨ। ਸ਼ੱਕ ਹੈ ਕਿ ਜੈਪਾਲ ਵਲੋਂ ਸਿਰਫ ਆਪਣੇ ਕਰੀਬੀ ਅਤੇ ਉਸ ਦੇ ਕੰਮ ਆਉਣ ਵਾਲੇ ਲੋਕਾਂ ਨੂੰ ਹੀ ਆਪਣੇ ਸੰਪਰਕ ਵਿਚ ਰੱਖਿਆ ਗਿਆ ਸੀ। ਉਹ ਸਿਰਫ ਉਨ੍ਹਾਂ ਨਾਲ ਹੀ ਗੱਲਬਾਤ ਕਰਦਾ ਸੀ।
ਉਧਰ ਮੌਤ ਤੋਂ ਬਾਅਦ ਪੰਜ ਦਿਨ ਬਾਅਦ ਵੀ ਜੈਪਾਲ ਭੁੱਲਰ ਦਾ ਸਸਕਾਰ ਨਹੀਂ ਹੋ ਸਕਿਆ। ਦਰਅਸਲ ਜੈਪਾਲ ਦੇ ਪਰਿਵਾਰ ਵੱਲੋਂ ਉਸ ਦੇ ਦੁਬਾਰਾ ਪੋਸਟਮਾਰਟਮ ਲਈ ਹਾਈਕੋਰਟ ਦਾ ਰੁਖ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜੈਪਾਲ ਦੀ ਲਾਸ਼ ਬੀਤੀ ਦੇਰ ਸ਼ਾਮ ਉਸ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ (ਸੇਵਾ ਮੁਕਤ ਪੁਲਸ ਇੰਸਪੈਕਟਰ) ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਸਥਿਤ ਆਪਣੇ ਘਰ ਲਿਆਂਦੀ ਗਈ ਸੀ। ਜੈਪਾਲ ਦਾ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾਣਾ ਸੀ। ਜਦੋਂ ਸੰਸਕਾਰ ਦੀ ਤਿਆਰੀ ਕਰਦੇ ਹੋਏ ਉਸ ਦੀ ਲਾਸ਼ ਨੂੰ ਨਹਾਇਆ ਜਾ ਰਿਹਾ ਸੀ ਤਾਂ ਜੈਪਾਲ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ ਅਤੇ ਉਸ ਦੀ ਬਾਂਹ ਟੁੱਟੀ ਹੋਈ ਸੀ, ਜਿਸ ’ਤੇ ਉਸਦੇ ਪਿਤਾ ਨੇ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਾਕਟਰਾਂ ਦੇ ਬੋਰਡ ਤੋਂ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤਕ ਉਸ ਦੇ ਬੇਟੇ ਦਾ ਡਾਕਟਰਾਂ ਦੀ ਇਕ ਕਮੇਟੀ ਪਾਸੋਂ ਵੀਡੀਓਗ੍ਰਾਫੀ ਕਰਦੇ ਹੋਏ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।