ਪਾਤੜਾਂ, ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਮਨਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਡੱਲੇਵਾਲ ਦੀ ਸਿਹਤ ਲਗਾਤਾਰ ਖ਼ਰਾਬ ਹੋ ਰਹੀ ਹੈ। ਡਾਕਟਰਾਂ ਦੀ ਟੀਮ ਅਨੁਸਾਰ ਉਨ੍ਹਾਂ ਦਾ ਹੁਣ ਤੱਕ 8 ਕਿਲੋ ਦੇ ਕਰੀਬ ਵਜ਼ਨ ਘੱਟ ਚੁੱਕਿਆ ਹੈ। ਡੱਲੇਵਾਲ, ਜੋ ਕੈਂਸਰ ਤੋਂ ਪੀੜਤ ਹਨ, ਦਵਾਈ ਵੀ ਨਹੀਂ ਲੈ ਰਹੇ ਜਿਸ ਕਰਕੇ ਉਨ੍ਹਾਂ ਦੀ ਸਿਹਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ।
ਉਨ੍ਹਾਂ ਦੀ ਦੇਖਭਾਲ ਕਰ ਰਹੇ ਡਾਕਟਰ ਖੁਦ ਵੀ ਚਿੰਤਤ ਹਨ, ਪਰ ਕਿਸਾਨ ਆਗੂ ਦਾ ਹੌਸਲਾ ਬੁਲੰਦ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਮੌਤ ਤਾਂ ਇੱਕ ਦਿਨ ਆਵੇਗੀ, ਕਿੰਨਾ ਚੰਗਾ ਹੋਵੇਗਾ ਜੇ ਕਿਸਾਨੀ ਨੂੰ ਬਚਾਉਂਦਿਆਂ ਉਹ ਇਸ ਜੱਗ ਤੋਂ ਰੁਖਸਤ ਹੋਣ। ਇਸੇ ਦੌਰਾਨ ਬਾਰਡਰ ਤੇ ਪ੍ਰਬੰਧ ਚਲਾ ਰਹੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਵੇਂ ਡੱਲੇਵਾਲ ਦੀ ਸਿਹਤ ਨਿਘਾਰ ਵੱਲ ਵਧ ਰਹੀ ਹੈ ਤਿਵੇਂ ਹੀ ਪਹਿਰਾ ਸਖ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਕਿਸੇ ਵੀ ਸਮੇਂ ਡੱਲੇਵਾਲ ਦੀ ਸਿਹਤ ਖ਼ਰਾਬ ਹੋਣ ਦੇ ਬਹਾਨੇ, ਉਨ੍ਹਾਂ ਨੂੰ ਚੁੱਕ ਕੇ ਲਿਜਾ ਸਕਦੀ ਹੈ।