ਚੰਡੀਗੜ੍ਹ/ਹਰਿਆਣਾ, 20 ਅਕਤੂਬਰ (ਦਲਜੀਤ ਸਿੰਘ)- ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਮੰਡੀਆਂ ’ਚ ਆਪਣੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀ ਹਾਲਤ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਈ ਮਹੀਨਿਆਂ ਤੋਂ ਮਿਹਨਤ ਨਾਲ ਉਗਾਈ ਗਈ ਫ਼ਸਲ ਲੈ ਕੇ ਕਈ-ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠੇ ਹਨ। ਮੀਂਹ ਵਿਚ ਉਨ੍ਹਾਂ ਦੀ ਫ਼ਸਲ ਭਿੱਜ ਰਹੀ ਹੈ ਅਤੇ ਸਰਕਾਰ ਤਮਾਸ਼ਬੀਨ ਬਣੀ ਵੇਖ ਰਹੀ ਹੈ। ਮੀਂਹ ਵਿਚ ਕਿਸਾਨਾਂ ਦਾ ਲੱਖਾਂ ਕੁਇੰਟਲ ਝੋਨਾ ਭਿੱਜ ਗਿਆ ਹੈ। ਹੁੱਡਾ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਨਾ ਮੰਡੀ ’ਚ ਫ਼ਸਲ ਢਕਣ ਲਈ ਤਿਰਪਾਲ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਾ ਹੀ ਸਮੇਂ ’ਤੇ ਫ਼ਸਲ ਨੂੰ ਚੁੱਕਿਆ ਜਾ ਰਿਹਾ ਹੈ।
ਸਰਕਾਰ ਨੇ ਜਾਣਬੁੱਝ ਕੇ ਪਹਿਲਾਂ ਖਰੀਦ ਸ਼ੁਰੂ ਕਰਨ ’ਚ ਦੇਰੀ ਕੀਤੀ ਅਤੇ ਹੁਣ ਅਦਾਇਗੀ ’ਚ ਦੇਰੀ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸਾਨਾਂ ਨੂੰ ਪਿਛਲੇ ਕਈ ਸੀਜ਼ਨ ਤੋਂ ਲਗਾਤਾਰ ਮੌਸਮ ਦੀ ਮਾਰ ਤੋਂ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਅਜਿਹਾ ਜਾਪਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀ ਹਾਲਤ ’ਤੇ ਬਿਲਕੁੱਲ ਤਰਸ ਨਹੀਂ ਆ ਰਿਹਾ।