CM ਚੰਨੀ ਦਾ ਐਲਾਨ, ਕਿਹਾ ‘ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਕੀਤੀਆਂ ਜਾਣਗੀਆਂ ਪ੍ਰਵਾਨ’

channi/nawanpunjab.com

ਬਟਾਲਾ, 20 ਅਕਤੂਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਆਪਣੇ ਚਾਰ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਫੌਜ ਦੇ 16 ਰਾਸ਼ਟਰੀ ਫਾਈਲ (11 ਸਿੱਖ) ਪਿੰਡ ਚੱਠਾ ਦੇ ਸ਼ਹੀਦ ਨਾਇਕ ਮਨਦੀਪ ਸਿੰਘ ਦੇ ਘਰ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ। ਮੁੱਖ ਮੰਤਰੀ ਚੰਨੀ ਨੇ ਸ਼ਹੀਦ ਮਨਦੀਪ ਸਿੰਘ ਦੇ ਭੋਗ ਵਿੱਚ ਸ਼ਾਮਲ ਹੋ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁਖ ਪ੍ਰਗਟ ਕੀਤਾ। ਸ਼ਹੀਦ ਮਨਦੀਪ ਸਿੰਘ ਦੇ ਘਰ ਪੁੱਜੇ ਮੁੱਖ ਮੰਤਰੀ ਚੰਨੀ ਦੇ ਨਾਲ ਇਸ ਸਮੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਸਨ। ਸ਼ਹੀਦ ਮਨਦੀਪ ਸਿੰਘ ਦੇ ਭੋਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਚੱਠਾ ਵਿਖੇ ਇੱਕ ਫੁੱਟਬਾਲ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿੱਚ 100000 ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਯਾਦਗਾਰੀ ਗੇਟ ਵੀ ਬਣਾਇਆ ਜਾਵੇਗਾ। ਗੇਟ ਬਣਾਉਣ ਦੀ ਰਾਸ਼ੀ ਅੱਜ ਹੀ ਪਿੰਡ ਦੀ ਪੰਚਾਇਤ ਨੂੰ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਸ਼ਹੀਦਾਂ ਦੇ ਅੱਗੇ ਸਿਰ ਝੁਕਾਉਂਦੇ ਹਨ, ਕਿਉਂਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਨਾਲ ਖੜ੍ਹੀ ਹੈ। ਸ਼ਹੀਦ ਦੇ ਪਰਿਵਾਰ ਦੀਆਂ ਜੋ ਵੀ ਮੰਗਾਂ ਹੋਣਗੀਆਂ, ਸਰਕਾਰ ਵਲੋਂ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।

Leave a Reply

Your email address will not be published. Required fields are marked *