ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਬੁੱਧਵਾਰ ਨੂੰ ਨਕਸਲੀਆਂ ਨੇ ਹਮਲੇ ਦੌਰਾਨ 50 ਕਿਲੋ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ। ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਵਾਲੀ ਥਾਂ ’ਤੇ ਸੜਕ ’ਚ ਵੱਡਾ ਟੋਇਆ ਪੈ ਗਿਆ ਹੈ। ਆਲੇ-ਦੁਆਲੇ ਦੇ ਕਈ ਦਰੱਖਤ ਵੀ ਉਖੜ ਗਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਮੋਟਰ-ਗੱਡੀ ਵਿਚ ਡੀ. ਆਰ. ਜੀ. ਦੇ ਜਵਾਨ ਸਫ਼ਰ ਕਰ ਰਹੇ ਸਨ, ਉਹ ਇਕ ਛੋਟੀ ਵੈਨ ਸੀ ਜੋ ਕਿਰਾਏ ’ਤੇ ਲਈ ਗਈ ਸੀ। ਜਵਾਨਾਂ ਕੋਲ ਕੋਈ ਬੈਲਿਸਟਿਕ ਸੁਰੱਖਿਆ ਨਹੀਂ ਸੀ। 50 ਕਿਲੋਗ੍ਰਾਮ ਆਈ. ਈ. ਡੀ. ਧਮਾਕੇ ਨਾਲ ਵੈਨ ਕਈ ਫੁੱਟ ਹਵਾ ਵਿਚ ਉਛਲ ਗਈ। ਅਹਿਮ ਗੱਲ ਇਹ ਹੈ ਕਿ ਜਿਨ੍ਹਾਂ ਵਾਹਨਾਂ ਵਿਚ ਬੈਲਿਸਟਿਕ ਸੁਰੱਖਿਆ ਨਹੀਂ ਹੁੰਦੀ, ਉਹ ਅਜਿਹੇ ਹਮਲਿਆਂ ‘ਚ ਹਵਾ ‘ਚ ਕਈ ਫੁੱਟ ਉਛਲ ਸਕਦੇ ਹਨ। ਧਮਾਕੇ ਤੋਂ ਬਾਅਦ ਵੈਨ ਦੇ ਪਰਖਚੇ ਉੱਡ ਗਏ।
ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਨੇ ਬੁੱਧਵਾਰ ਨੂੰ ਬਾਰੂਦੀ ਸੁਰੰਗ ਧਮਾਕਾ ਕਰ ਕੇ ਸੁਰੱਖਿਆ ਫੋਰਸ ਦੇ ਵਾਹਨ ਨੂੰ ਉਡਾ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ‘ਚ ਨਕਸਲੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰ ਦਿੱਤਾ। ਇਸ ਘਟਨਾ ‘ਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ 10 ਜਵਾਨ ਸ਼ਹੀਦ ਹੋ ਗਏ ਅਤੇ ਇਕ ਵਾਹਨ ਚਾਲਕ ਦੀ ਵੀ ਮੌਤ ਹੋ ਗਈ। ਅਰਨਪੁਰ ਥਾਣਾ ਖੇਤਰ ‘ਚ ਮਾਓਵਾਦੀ ਕੈਡਰ ਦੀ ਮੌਜੂਦਗੀ ਦੀ ਸੂਚਨਾ ‘ਤੇ ਦੰਤੇਵਾੜਾ ਤੋਂ ਡੀ.ਆਰ.ਜੀ. ਫ਼ੋਰਸ ਨੂੰ ਨਕਸਲ ਵਿਰੋਧੀ ਮੁਹਿੰਮ ‘ਚ ਰਵਾਨਾ ਕੀਤਾ ਗਿਆ ਸੀ। ਮੁਹਿੰਮ ਤੋਂ ਬਾਅਦ ਨਕਸਲੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰ ਦਿੱਤਾ।