ਉਤਰਾਖੰਡ : ਮੋਹਲੇਧਾਰ ਮੀਂਹ ਕਾਰਨ ਮੌਤਾਂ ਦੀ ਗਿਣਤੀ ਵਧੀ, ਹੈਲੀਕਾਪਟਰ ਰਾਹੀਂ ਬਚਾਅ ਕਾਰਜ ਜਾਰੀ

uthrakhand/nawanpunjab.com

ਦੇਹਰਾਦੂਨ,19 ਅਕਤੂਬਰ (ਦਲਜੀਤ ਸਿੰਘ)- ਉਤਰਾਖੰਡ ਦੇ ਵੱਖ-ਵੱਖ ਹਿੱਸਿਆਂ, ਖਾਸ ਤੌਰ ਤੋਂ ਕੁਮਾਊਂ ਖੇਤਰ ’ਚ ਮੋਹਲੇਧਾਰ ਮੀਂਹ ਕਾਰਨ ਮੰਗਲਵਾਰ ਨੂੰ 11 ਹੋਰ ਲੋਕਾਂ ਦੀ ਮੌਤ ਹੋ ਗਈ। ਮੀਂਹ ਕਾਰਨ ਕਈ ਮਕਾਨ ਢਹਿ ਗਏ ਅਤੇ ਕਈ ਲੋਕ ਮਲਬੇ ’ਚ ਫਸੇ ਹੋਏ ਹਨ। ਜ਼ਮੀਨ ਖਿੱਸਕਣ ਕਾਰਨ ਨੈਨੀਤਾਲ ਤੱਕ ਜਾਣ ਵਾਲੀਆਂ ਤਿੰਨ ਸੜਕਾਂ ਰੁਕਣ ਕਾਰਨ ਇਸ ਲੋਕਪ੍ਰਿਯ ਸੈਰ-ਸਪਾਟਾ ਸਥਾਨ ਦਾ ਰਾਜ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਮੰਗਲਵਾਰ ਨੂੰ ਮੀਂਹ ਨਾਲ ਸੰਬੰਧਤ ਘਟਨਾਵਾਂ ’ਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੱਦਲ ਫਟਣ ਅਤੇ ਜ਼ਮੀਨ ਖਿੱਸਕਣ ਤੋਂ ਬਾਅਦ ਕਈ ਲੋਕਾਂ ਦੇ ਮਲਬੇ ’ਚ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਉਤਰਾਖੰਡ ’ਚ ਮੀਂਹ ਨਾਲ ਸੰਬੰਧਤ ਘਟਨਾਵਾਂ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ 16 ਹੋ ਗਈ ਹੈ। ਸੋਮਵਾਰ ਨੂੰ 5 ਲੋਕਾਂ ਦੀ ਮੌਤ ਹੋਈ ਸੀ। ਧਾਮੀ ਨੇ ਭਰੋਸਾ ਦਿੱਤਾ ਕਿ ਫ਼ੌਜ ਦੇ ਤਿੰਨ ਹੈਲੀਕਾਪਟਰ ਰਾਜ ’ਚ ਚੱਲ ਰਹੀਆਂ ਰਾਹਤ ਅਤੇ ਬਚਾਅ ਮੁਹਿੰਮਾਂ ’ਚ ਮਦਦ ਕਰਨ ਲਈ ਜਲਦ ਪਹੁੰਚਣਗੇ। ਵੱਖ-ਵੱਖ ਥਾਂਵਾਂ ’ਤੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਇਨ੍ਹਾਂ ’ਚੋਂ 2 ਹੈਲੀਕਾਪਟਰਾਂ ਨੂੰ ਨੈਨੀਤਾਲ ਅਤੇ ਇਕ ਨੂੰ ਗੜ੍ਹਵਾਲ ਖੇਤਰ ’ਚ ਭੇਜਿਆ ਜਾਵੇਗਾ।

ਫਿਲਹਾਲ ਮੁੱਖ ਮੰਤਰੀ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਕਿ ਉਹ ਜਿੱਥੇ ਹਨ, ਉੱਥੇ ਰੁਕ ਜਾਣ ਅਤੇ ਮੌਸਮ ’ਚ ਸੁਧਾਰ ਹੋਣ ਤੋਂ ਪਹਿਲਾਂ ਆਪਣੀ ਯਾਤਰਾ ਸ਼ੁਰੂ ਨਾ ਕਰਨ। ਧਾਮੀ ਨੇ ਕਿਹਾ ਕਿ ਮੀਂਹ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਲਗਾਤਾਰ ਮੀਂਹ ਨਾਲ ਕਿਸਾਨਾਂ ’ਤੇ ਕਾਫ਼ੀ ਅਸਰ ਪਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਨੈਨੀਤਾਲ ’ਚ ਮਾਲ ਰੋਡ ਅਤੇ ਨੈਨੀ ਝੀਲ ਦੇ ਕਿਨਾਰੇ ਸਥਿਤ ਨੈਨਾ ਦੇਵੀ ਮੰਦਰ ’ਚ ਹੜ੍ਹ ਆ ਗਿਆ ਹੈ, ਜਦੋਂ ਕਿ ਜ਼ਮੀਨ ਖਿੱਸਕਣ ਕਾਰਨ ਇਕ ਹੋਸਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਨੈਨੀਤਾਲ ਤੋਂ ਪ੍ਰਾਪਤ ਇਕ ਰਿਪੋਰਟ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ’ਚ ਫਸੇ ਸੈਲਾਨੀਆਂ ਦੀ ਮਦਦ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ਹਿਰ ’ਚ ਆਉਣ ਵਾਲੇ ਅਤੇ ਬਾਹਰ ਜਾਣ ਵਾਲੇ ਵਾਹਨਾਂ ’ਚ ਸਵਾਰ ਯਾਤਰੀਆਂ ਨੂੰ ਚੌਕਸ ਕਰਨ ਲਈ ਪੁਲਸ ਤਾਇਨਾਤ ਕੀਤੀ ਗਈ ਹੈ ਅਤੇ ਯਾਤਰੀਆਂ ਨੂੰ ਮੀਂਹ ਬੰਦ ਹੋਣ ਤੱਕ ਠਹਿਰਣ ਲਈ ਕਿਹਾ ਜਾ ਰਿਹਾ ਹੈ। ਰਾਮਨਗਰ-ਰਾਣੀਖੇਤ ਮਾਰਗ ’ਤੇ ਲੇਮਨ ਟ੍ਰੀ ਰਿਜਾਰਟ ’ਚ ਕਰੀਬ 100 ਲੋਕ ਫਸ ਗਏ ਹਨ ਅਤੇ ਕੋਸੀ ਨਦੀ ਦਾ ਪਾਣੀ ਰਿਜਾਰਟ ’ਚ ਦਾਖ਼ਲ ਹੋ ਰਿਹਾ ਹੈ।

Leave a Reply

Your email address will not be published. Required fields are marked *