ਗਿੱਦੜਬਾਹਾ : ਅਕਾਲੀ ਦਲ ਛੱਡਣ ਤੋਂ ਬਾਅਦ ਅੱਜ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ‘ਆਪ’ ‘ਚ ਸ਼ਾਮਲ ਹੋਣ ਮੌਕੇ ਡਿੰਪੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ 38 ਸਾਲ ਪਾਰਟੀ ਦੀ ਸੇਵਾ ਕੀਤੀ, ਬਿਨਾਂ ਕਿਸੇ ਲਾਲਚ ਤੋਂ ਸਿਆਸਤ ਕੀਤੀ ਪਰ ਅੱਜ ਮੇਰੇ ‘ਤੇ ਤੋਹਮਤਾਂ ਲਗਾਈਆਂ ਜਾ ਰਹੀਆਂ ਹਨ ਕਿ ਦੋ ਮਹੀਨੇ ਤੋਂ ਮੇਰੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ ਪਰ ਸਿਰਫ ਪੰਜ ਦਿਨ ਪਹਿਲਾਂ ਮੈਨੂੰ ਫੋਨ ਆਇਆ ਸੀ, ਜਿਸ ‘ਤੇ ਮੈਂ ਤੁਰੰਤ ਹਾਮੀ ਭਰ ਦਿੱਤੀ। ਕੁਝ ਦਿਨ ਪਹਿਲਾਂ ਮੈਂ ਖੁਦ ਸੁਖਬੀਰ ਬਾਦਲ ਦੇ ਪਿੰਡਾਂ ਵਿਚ ਪ੍ਰੋਗਰਾਮ ਕਰਵਾਏ ਜੇ ਅਜਿਹਾ ਹੁੰਦਾ ਤਾਂ ਮੈਂ ਪਾਰਟੀ ਦੀ ਕਿਸੇ ਤਰ੍ਹਾਂ ਦੀ ਮਦਦ ਨਾ ਕਰਦਾ।
ਗੱਲ ਉਦੋਂ ਵਿਗੜੀ ਜਦੋਂ ਮਨਪ੍ਰੀਤ ਬਾਦਲ ਵੀ ਸਾਡੇ ਨਾਲ ਤੁਰ ਪਏ। ਅਸੀਂ ਜਿਥੇ ਜਾਂਦੇ ਸੀ ਉਥੇ ਹੀ ਮਨਪ੍ਰੀਤ ਬਾਦਲ ਪਹੁੰਚ ਜਾਂਦੇ ਸੀ ਅਤੇ ਆਖਦੇ ਸੀ ਚਿੰਤਾ ਨਾ ਕਰੋ ਚੋਣ ਮੈਂ ਹੀ ਲੜਾਂਗਾ। ਹਾਲਾਂਕਿ ਉਹ ਸਪੱਸ਼ਟ ਨਹੀਂ ਸੀ ਕਰਦੇ ਕਿ ਚੋਣ ਲੜਨੀ ਕਿਸ ਪਾਰਟੀ ਤੋਂ ਹੈ। ਇਸ ‘ਤੇ ਮੈਂ ਸੁਖਬੀਰ ਨੂੰ ਕਿਹਾ ਕਿ ਲੋਕ ਸ਼ਸ਼ੋਪੰਜ ਵਿਚ ਹਨ ਤੁਸੀਂ ਇਹ ਸਪੱਸ਼ਟ ਕਰੋ ਕਿ ਉਮੀਦਵਾਰ ਮਨਪ੍ਰੀਤ ਬਾਦਲ ਹੋਣਗੇ ਜਾਂ ਡਿੰਪੂ ਢਿੱਲੋਂ। ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਨਾਲ ਠੱਗੀ ਵੱਜੇਗੀ। ਇਸ ਲਈ ਮੈਂ ਪ੍ਰੇਸ਼ਾਨ ਸੀ, ਮੈਨੂੰ ਮੇਰਾ ਹਲਕਾ ਜਾਂਦਾ ਲੱਗ ਰਿਹਾ ਸੀ। ਇਸ ਦੌਰਾਨ ਡਿੰਪੀ ਨੇ ਐਲਾਨ ਕੀਤਾ ਕਿ ਹੁਣ ਉਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੇਖੇ ਲੱਗ ਗਏ ਹਨ ਅਤੇ ਜਦੋਂ ਤਕ ਸਿਆਸਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਹਿਣਗੇ।
ਉਨ੍ਹਾਂ ਕਿਹਾ ਕਿ ਜਿਸ ਪਾਰਟੀ ਵਿਚ 38 ਸਾਲ ਸੇਵਾ ਕੀਤੀ, ਉਸ ਪਾਰਟੀ ਦਾ ਹੱਥ ਛੱਡਣਾ ਬਹੁਤ ਔਖਾ ਹੈ, ਮੈਂ ਜਦੋਂ ਪਾਰਟੀ ਵਿਚੋਂ ਅਸਤੀਫਾ ਦਿੱਤਾ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ ਪਰ ਅੱਜ ਉਹ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ, ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮੈਨੂੰ ਰੁਲੇ ਹੋਏ ਨੂੰ ਸੰਭਾਲਿਆ ਹੈ। ਢਿੱਲੋਂ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਮੈਨੂੰ ਸਿਰਫ ਤਿੰਨ ਨਾਂ ਆਉਂਦੇ ਸੀ, ਸ਼੍ਰੋਮਣੀ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਰ ਹੁਣ ਉਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੇਖੇ ਲੱਗ ਗਏ ਹਨ। ਉਹ ਆਪਣੀ 38 ਸਾਲ ਦੀ ਕੁਮਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੁਰਦ ਕਰ ਰਹੇ ਹਨ।