ਕੇਰਲ, 18 ਅਕਤੂਬਰ (ਦਲਜੀਤ ਸਿੰਘ)- ਕੇਰਲ ਦੇ ਮਾਲੀਆ ਮੰਤਰੀ ਕੇ. ਰਾਜਨ ਨੇ ਸੋਮਵਾਰ ਯਾਨੀ ਕਿ ਅੱਜ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਪਾਣੀ ਦਾ ਪੱਧਰ ਵੱਧਣ ਮਗਰੋਂ 10 ਬੰਨ੍ਹਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ ਅਤੇ ਇੱਥੇ ਕੱਕੀ ਬੰਨ੍ਹ ਦੇ ਦੋ ਗੇਟ ਖੋਲ੍ਹ ਦਿੱਤੇ ਗਏ ਹਨ। ਸਬਰੀਮਾਲਾ ਭਗਵਾਨ ਅਯੱਪਾ ਮੰਦਰ ਦੀ ਤੀਰਥ ਯਾਤਰਾ ਵੀ ਫ਼ਿਲਹਾਲ ਰੋਕ ਦਿੱਤੀ ਗਈ ਹੈ। ਓਧਰ ਸੂਬੇ ਦੇ ਸਿਹਤ ਮੰਤਰੀ ਵੀਣਾ ਜਾਰਜ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ 100 ਤੋਂ 200 ਕਿਊਮੈਕਸ ਪਾਣੀ ਛੱਡਣ ਲਈ ਕੱਕੀ ਬੰਨ੍ਹ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਪੰਪਾ ਨਦੀ ਵਿਚ ਕਰੀਬ 15 ਸੈਂਟੀਮੀਟਰ ਤਕ ਪਾਣੀ ਦਾ ਪੱਧਰ ਵਧ ਸਕਦਾ ਹੈ। ਮੌਸਮ ਵਿਿਗਆਨ ਮਹਿਕਮੇ ਦੇ 20 ਤੋਂ 24 ਅਕਤੂਬਰ ਤਕ ਮੌਸਮ ਦੇ ਹੋਰ ਖਰਾਬ ਹੋਣ ਦੇ ਅਨੁਮਾਨ ਕਾਰਨ ਉਨ੍ਹਾਂ ਨੇ ਕਿਹਾ ਕਿ ਸਬਰੀਮਾਲਾ ਵਿਚ ਭਗਵਾਨ ਅਯੱਪਾ ਮੰਦਰ ਵਿਚ ਥੁਲਾ ਮਾਸਮ ਪੂਜਾ ਲਈ ਤੀਰਥ ਯਾਤਰਾ ਨੂੰ ਆਗਿਆ ਦੇਣਾ ਸੰਭਵ ਨਹੀਂ ਹੋਵੇਗਾ।
ਇਸ ਲਈ ਮੰਦਰ 16 ਅਕਤੂਬਰ ਤੋਂ ਖੋਲ੍ਹਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਤੀਰਥ ਯਾਤਰਾ ਨੂੰ ਰੋਕਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਓਧਰ ਪੰਪਾ ਨਦੀ ਦੇ ਤੱਟ ’ਤੇ ਵੱਸੇ ਲੋਕਾਂ ਨੂੰ ਜ਼ਿਲ੍ਹੇ ’ਚ ਬਣਾਏ ਗਏ ਰਾਹਤ ਕੈਂਪਾਂ ’ਚ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ। ਰਾਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ 83 ਕੈਂਪ ਹਨ, ਜਿੱਥੇ 2000 ਤੋਂ ਵੱਧ ਲੋਕ ਮੌਜੂਦ ਹਨ। ਰਾਸ਼ਟਰੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਦੇ ਦਲ ਨੂੰ ਉੱਥੇ ਤਾਇਨਾਤ ਕੀਤਾ ਗਿਆ ਹੈ। ਲੋੜ ਪੈਣ ’ਤੇ ਰਾਹਤ ਕੰਮਾਂ ’ਚ ਮਦਦ ਲਈ ਹਵਾਈ ਮਾਰਗ ਤੋਂ ਲੋਕਾਂ ਨੂੰ ਕੱਢਣ ਵਾਲੇ ਦਲ ਨੂੰ ਵੀ ਤਿਆਰ ਰੱਖਿਆ ਗਿਆ ਹੈ। ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਅਤੇ ਅਜਿਹੇ ਖੇਤਰਾਂ ਤੋਂ ਦੂਰ ਰਹਿਣਾ ਚੰਗਾ ਹੋਵੇਗਾ, ਜਿੱਥੇ ਹੜ੍ਹ ਜਾਂ ਜ਼ਮੀਨ ਖਿਸਕਣ ਦਾ ਖ਼ਤਰਾ ਹੈ।