ਨੈਸ਼ਨਲ ਡੈੱਸਕ, 18 ਅਕਤੂਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਯਾਨੀ ਕਿ 18 ਅਕਤੂਬਰ ਨੂੰ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ’ਚ ਦੇਸ਼ ਭਰ ’ਚ ‘ਰੇਲ ਰੋਕੋ’ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਟਰੇਨਾਂ ਰੋਕੀਆਂ ਜਾਣਗੀਆਂ। ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ’ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨ ਅਤੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਕਿਹਾ ਗਿਆ ਹੈ ਕਿ ਰੇਲ ਰੋਕੋ ਅੰਦੋਲਨ ਸ਼ਾਂਤੀਪੂਰਨ ਹੋਵੇਗਾ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਦੋਲਨ ਵੱਖ-ਵੱਖ ਜ਼ਿਿਲ੍ਹਆਂ ਵਿਚ ਵੱਖ-ਵੱਖ ਥਾਂ ’ਤੇ ਹੋਵੇਗਾ। ਪੂਰੇ ਦੇਸ਼ ਵਿਚ ਉੱਥੋਂ ਦੇ ਲੋਕਾਂ ਨੂੰ ਪਤਾ ਰਹਿੰਦਾ ਹੈ ਕਿ ਸਾਨੂੰ ਕਿੱਥੇ ਟਰੇਨਾਂ ਰੋਕਣੀਆਂ ਹਨ। ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਸ਼ਾਮ 4 ਵਜੇ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੇਲਵੇ ਟਰੈਕ ’ਤੇ ਬੈਠ ਕੇ ਕਿਸਾਨ ਵਿਰੋਧ ਜਤਾਉਣਗੇ।
ਕਿਸਾਨ ਏਕਤਾ ਮੋਰਚਾ ਨੇ ਟਵੀਟ ਕਰ ਕੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਹੋਈ ਹਿੰਸਕ ਘਟਨਾ ਨੂੰ ਭੁਲਾਇਆ ਨਹੀਂ ਜਾ ਸਕਦਾ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਅੱਜ ਕਿਸਾਨਾਂ ਨੇ 6 ਘੰਟੇ ਰੇਲ ਬੰਦ ਬੁਲਾਇਆ ਹੈ। ਇਸ ਅੰਦੋਲਨ ’ਚ ਵੱਖ-ਵੱਖ ਜ਼ਿਿਲ੍ਹਆਂ ਦੇ ਕਿਸਾਨ ਸ਼ਾਮਲ ਹੋਣਗੇ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਰੇਲ ਰੋਕੋ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗਾ। ਰੇਲਵੇ ਦੀ ਸੰਪਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਮੋਰਚੇ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਦੌਰਾਨ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ’ਚ ਕਿਸੇ ਤਰ੍ਹਾਂ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਹੋਵੇਗੀ। ਰੇਲ ਰੋੋਕੋ ਅੰਦੋਲਨ ਤਹਿਤ ਅੱਜ ਪੰਜਾਬ ਸਮੇਤ ਦੇਸ਼ ਭਰ ਦੀਆਂ ਹੋਰ ਥਾਵਾਂ ’ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਵਿਰੋਧ ਦਰਜ ਕਰਾਉਣ ਲਈ ਰੇਲਵੇ ਟਰੈਕ ’ਤੇ ਬੈਠੇ ਹੋਏ ਹਨ।