ਚੰਡੀਗੜ੍ਹ, 13 ਅਕਤੂਬਰ (ਦਲਜੀਤ ਸਿੰਘ)- ਉਚੇਰੀ ਸਿੱਖਿਆ ਖੇਤਰ ’ਚ ਸੇਵਾ ਨਿਭਾ ਰਹੇ ਸਿੱਖਿਆ ਸ਼ਾਸਤਰੀਆਂ ਤੋਂ ਜ਼ਮੀਨੀ ਹਕੀਕਤਾਂ ਸਬੰਧੀ ਫੀਡਬੈਕ ਲੈਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਉੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਵਿਆਪਕ ਖਾਕਾ ਉਲੀਕਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਅਕਾਦਮਿਕ ਖੇਤਰ ਦੇ ਉੱਘੇ ਮਾਹਿਰਾਂ ਤੇ ਸਿੱਖਿਆ ਸ਼ਾਸਤਰੀਆਂ ਨਾਲ ਨਿਰੰਤਰ ਗੱਲਬਾਤ ਕਰਨ ਵਾਸਤੇ ਇਕ ਪ੍ਰਕਿਿਰਆ ਵਿਕਸਤ ਕੀਤੀ ਜਾਣੀ ਚਾਹੀਦੀ ਹੈ। ਉਚੇਰੀ ਸਿੱਖਿਆ ਮੰਤਰੀ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਪਰਗਟ ਸਿੰਘ ਨੇ ਇਸ ਤਰਜ ’ਤੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਨਾਲ ਪਹਿਲੀ ਮੀਟਿੰਗ ਪੰਜਾਬ ਭਵਨ, ਚੰਡੀਗੜ੍ਹ ਵਿਖੇ ਕੀਤੀ। ਇਸ ਮੀਟਿੰਗ ’ਚ ਸੂਬੇ ਦੇ ਯੂਨੀਵਰਸਿਟੀਆਂ ਦੇ ਸਾਬਕਾ ਅਤੇ ਮੌਜੂਦਾ ਉਪ ਕੁਲਪਤੀਆਂ, ਪ੍ਰੋ ਚਾਂਸਲਰਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਸਮੇਤ ਲਗਭਗ 30 ਸਿੱਖਿਆ ਸਾਸਤਰੀਆਂ ਵਲੋਂ ਉੱਚ ਸਿੱਖਿਆ ਦੇ ਪੱਧਰ ਨੂੰ ਭਵਿੱਖ ’ਚ ਹੋਰ ਉੱਚਾ ਚੁੱਕਣ ਅਤੇ ਪੰਜਾਬ ਨੂੰ ਉੱਚ ਸਿੱਖਿਆ ਦੇ ਖੇਤਰ ’ਚ ਅਗਲੇ ਪੱਧਰ ’ਤੇ ਲਿਜਾਣ ਲਈ ਲੋੜੀਂਦੇ ਕਦਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਮੀਟਿੰਗ ’ਚ ਉਚੇਰੀ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜ) ਪਰਮਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ (ਕਾਲਜ ਸਿੱਖਿਆ) ਡਾ. ਗੁਰਦਰਸ਼ਨ ਬਰਾੜ ਵੀ ਹਾਜ਼ਰ ਸਨ। ਸਿੱਖਿਆ ਮੰਤਰੀ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਿਦਆਰਥੀਆਂ ਦੇ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਜੋ ਸਿੱਧਾ ਨੌਜਵਾਨਾਂ ਨਾਲ ਜੁੜਿਆ, ਜਿਨ੍ਹਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ। ਕਾਲਜ ਸਿੱਖਿਆ ਪ੍ਰਣਾਲੀ ਨੂੰ ਮੌਜੂਦਾ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨੂੰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਣਾਉਣ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ।