ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਗੁਰੂਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਬਿਕਰਮ ਮਜੀਠੀਆ ਨੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਇਸ ਮੌਕੇ ਪੰਜਾਬ ਸਰਕਾਰ ’ਤੇ ਖੁੱਲ੍ਹ ਕੇ ਨਿਸ਼ਾਨੇ ਸਾਧੇ।
ਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਇਸ ਸਮੇਂ ਸਭ ਕੁਝ ਠੀਕ ਨਹੀਂ ਹੈ। ਪਿਛਲੇ 6 ਮਹੀਨਿਆਂ ‘ਚ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵਿਗਾੜਨ ਤੋਂ ਇਲਾਵਾ ਭਗਵੰਤ ਮਾਨ ਦੀ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਮਤਾ ਪਾਸ ਕਰਵਾਉਂਦੇ ਹਨ, ਜਦਕਿ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਉਸ ਦਾ ਖੰਡਨ ਕੀਤਾ ਜਾਂਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਸਰਕਾਰ ਦਾ ਕੋਈ ਆਪਸੀ ਸਮਝੌਤਾ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਤੋਂ ਵਾਪਸੀ ’ਚ ਦੇਰੀ ਹੋਣ ’ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਵਿਦੇਸ਼ ਜਾਣ ਸਮੇਂ ਜਹਾਜ਼ ਚੜ੍ਹਨ ਵੇਲੇ ਮੁੱਖ ਮੰਤਰੀ ਵਲੋਂ ਕੁਝ ਵੱਧ ਖਾਧਾ-ਪੀਤਾ ਗਿਆ, ਜਿਸ ਕਰਕੇ ਏਅਰਲਾਈਨ ਨੇ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ। ਇਸੇ ਕਰਕੇ ਉਹ ਵੇਲੇ ਸਿਰ ਦੇਸ਼ ਪੁੱਜ ਨਹੀਂ ਸਕੇ, ਜੋ ਨਮੋਸ਼ੀ ਵਾਲੀ ਗੱਲ ਹੈ। ਮੁੱਖ ਮੰਤਰੀ ਦੇ ਕਾਰਨ ਉਨ੍ਹਾਂ ਦੇ ਸਾਰੇ ਸਟਾਫ਼ ਦਾ ਸਾਮਾਨ ਜਹਾਜ਼ ਤੋਂ ਉਤਾਰ ਦਿੱਤਾ ਗਿਆ, ਜਿਸ ਕਾਰਨ ਜਹਾਜ਼ ਨੇ 2-3 ਘੰਟੇ ਲੇਟ ਉਡਾਨ ਲੇਟ ਭਰੀ। ਮਜੀਠੀਆ ਨੇ ਕਿਹਾ ਕਿ ਪਰਮਾਤਰਾ ਉਨ੍ਹਾਂ ਨੂੰ ਸਮਤ ਬਖ਼ਸ਼ਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਰਮਨੀ ਫੇਰੀ ਦੌਰਾਨ ਬੀ.ਐੱਮ.ਡਬਲਿਊ. ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਜਰਮਨ ਨੇ ਪੰਜਾਬ ‘ਚ ਨਿਵੇਸ਼ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਮੋਹਾਲੀ ਦੀ ਇਕ ਨਿੱਜੀ ਯੂਨੀਵਰਸਿਟੀ ‘ਚ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਮਾਮਲੇ ‘ਚ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦੀ ਪਾਰਦਰਸ਼ੀ ਤਰੀਕੇ ਨਾਲ ਪੂਰੀ ਜਾਂਚ ਹੋਈ ਚਾਹੀਦੀ ਹੈ।