ਅੰਮ੍ਰਿਤਸਰ : ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਨੇ ਵ੍ਹਟਸਐਪ ਨੰਬਰ ਦੀ ਵਰਤੋਂ ਕਰ ਕੇ ਵਪਾਰੀ ਗੁਰਮੀਤ ਸਿੰਘ ਬਬਲੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਮੁਲਜ਼ਮਾਂ ਨੇ ਵ੍ਹਟਸਐਪ ਗਰੁੱਪ ਬਣਾ ਕੇ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ, ਗਾਇਕ ਕਲਾਕਾਰ ਮਨਕੀਰਤ ਔਲਖ, ਅਮਨ ਜੈਂਤੀਪੁਰੀਆ ਅਤੇ ਬਲਕਾਰ ਸਿੱਧੂ ਦੇ ਨਾਲ-ਨਾਲ ਇਸ ਕਾਰੋਬਾਰੀ ਗੁਰਮੀਤ ਸਿੰਘ ਬਬਲੂ ਨੂੰ ਧਮਕੀਆਂ ਦਿੱਤੀਆਂ ਹਨ।
ਪੀੜਤ ਨੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਖ਼ਬਰ ਲਿਖੇ ਜਾਣ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ। ਏਸੀਪੀ ਰਿਸ਼ਭ ਭੋਲਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਗੁਰਮੀਤ ਸਿੰਘ ਨੇ ਸੀਪੀ ਨੂੰ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸੋਮਵਾਰ ਨੂੰ ਉਹ ਆਪਣੀ ਦੁਕਾਨ ‘ਤੇ ਸੀ। ਦੁਪਹਿਰ ਇਕ ਵਜੇ ਕਿਸੇ ਨੇ ਉਸ ਦੇ ਮੋਬਾਈਲ ਨੰਬਰ ‘ਤੇ ਇਕ ਵ੍ਹਟਸਐਪ ਸੁਨੇਹਾ ਭੇਜਿਆ।
ਭੇਜਣ ਵਾਲੇ ਦਾ ਨੰਬਰ 14372484647 ਹੈ। ਉਸ ਨੇ ਆਪਣੀ ਪਛਾਣ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਵਜੋਂ ਕਰਵਾਈ ਤੇ ਫਿਰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਫੋਨ ਕਰਨ ਵਾਲੇ ਨੇ ‘ਬਿਸ਼ਨੋਈ ਗਰੁੱਪ’ ਨਾਂ ਦਾ ਵ੍ਹਟਸਐਪ ਗਰੁੱਪ ਵੀ ਬਣਾਇਆ ਸੀ, ਜਿਸ ਵਿਚ ਸਾਬਕਾ ਮੰਤਰੀ ਸਮੇਤ ਕੁੱਲ 5 ਵਿਅਕਤੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ।
