AAP ਨੂੰ ਛੱਡ ਕੇ ਕਈ ਅਹੁਦੇਦਾਰ ਅਕਾਲੀ ਦਲ ਪੁਨਰ ਸੁਰਜੀਤ ‘ਚ ਸ਼ਾਮਲ, ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ

ਤਰਨਤਾਰਨ – ਆਮ ਆਦਮੀ ਪਾਰਟੀ ਦੇ ਕਈ ਮਿਹਨਤੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚ ਸ਼ਾਮਿਲ ਹੋ ਕਿ ਪੰਥਕ ਉਮੀਦਵਾਰ ਮਨਦੀਪ ਸਿੰਘ ਦੇ ਹੱਕ ਵਿਚ ਨਿੱਤਰਣ ਦਾ ਐਲਾਨ ਕੀਤਾ। ਸ਼ਾਮਿਲ ਹੋਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਸਿਰਪਾਓ ਭੇਟ ਕੀਤੇ ਗਏ।

ਸ਼ਾਮਿਲ ਹੋਣ ਵਾਲਿਆਂ ਵਿਚ ਨਵਜੋਤ ਸਿੰਘ ਤਰਸਿੱਕਾ, ਅਜੀਤ ਸਿੰਘ ਮਹਿਰਾ ਸੈਕਟਰੀ, ਜਸਬੀਰ ਸਿੰਘ ਖਾਲਸਾ ਕਨਵੀਨਰ ਓ ਬੀ ਸੀ ਵਿੰਗ ਮੋਰਚਾ, ਪਰਮਜੀਤ ਸਿੰਘ ਬਾਜਵਾ ਬੁੱਧੀਜੀਵੀ ਵਿੰਗ, ਮਨਿੰਦਰ ਪਾਲ ਸਿੰਘ ਸੋਹਲ ਖਜਾਨਚੀ ਗੁਰਦੁਆਰਾ ਮੀਰੀ ਪੀਰੀ ਸਾਹਿਬ, ਜਗਰੂਪ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ, ਬਿਕਰਮਜੀਤ ਸਿੰਘ, ਜਗਤਾਰ ਸਿੰਘ ਕਲਸੀ, ਗੁਰਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ ,ਭਾਈ ਦਵਿੰਦਰ ਸਿੰਘ ,ਹਰਦੀਪ ਸਿੰਘ ਜੰਡੂ, ਪ੍ਰਤਾਪ ਸਿੰਘ ਕਲਸੀ ਵੱਲੋਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਹੋ ਰਹੀ ਜਿਮਨੀ ਚੋਣ ਤੋਂ ਪੰਥਕ ਉਮੀਦਵਾਰ ਮਨਦੀਪ ਸਿੰਘ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰਨਗੇ। ਇਸ ਮੌਕੇ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਤਨਦੇਹੀ ਨਾਲ ਮਿਹਨਤ ਕੀਤੀ ਸੀ ਪਰੰਤੂ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਇਨਕਲਾਬੀ ਵਲੰਟੀਅਰਾਂ ਦੀ ਸਾਰ ਨਹੀਂ ਲਈ ਅਤੇ ਉਹ ਹੁਣ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪੱਬਾਂ ਭਾਰ ਹੋ ਕੇ ਜ਼ੋਰ ਲਗਾਉਣਗੇ। ਇਸ ਮੌਕੇ ਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਪੂਰਾ ਮਾਨ ਸਨਮਾਨ ਬਹਾਲ ਰੱਖਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਹੈ ਅਤੇ ਇਸ ਪਾਰਟੀ ਵਿਚ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *