ਲੁਧਿਆਣਾ : ਸ਼ਹਿਰ ਦੀ ਸ਼ਾਂਤੀ ਭੰਗ ਕਰਨ ਲਈ ਰਚੀ ਗਈ ਦਹਿਸ਼ਤਗਰਦੀ ਦੀ ਇੱਕ ਵੱਡੀ ਸਾਜ਼ਿਸ਼ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਨਾਕਾਮ ਕਰ ਦਿੱਤਾ। ਪੁਲਿਸ ਦੀ ਸੁਚਾਰੂ ਤੇ ਤੁਰੰਤ ਕਾਰਵਾਈ ਨਾਲ ਗ੍ਰਨੇਡ ਸੁੱਟਣ ਦੀ ਯੋਜਨਾ ਫੇਲ੍ਹ ਹੋ ਗਈ, ਜਿਸ ਨਾਲ ਅਣਗਿਣਤ ਬੇਗੁਨਾਹ ਜਾਨਾਂ ਬਚ ਗਈਆਂ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦੇ ਵਿਦੇਸ਼-ਆਧਾਰਿਤ ਸਾਥੀਆਂ, ਜਿਨ੍ਹਾਂ ਦੇ ਪਾਕਿਸਤਾਨ ਨਾਲ ਸੰਭਾਵੀ ਸਬੰਧ ਹਨ, ਦੀ ਤਲਾਸ਼ ਜਾਰੀ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵਿਦੇਸ਼ਾਂ ਵਿੱਚ ਬੈਠੇ ਦੋਸ਼ੀਆਂ ਵਿਰੁੱਧ ਰੇਡ ਕਾਰਨਰ ਨੋਟਿਸ (ਆਰਸੀਐਨ) ਵੀ ਜਾਰੀ ਕੀਤੇ ਗਏ ਹਨ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਨਾਲ ਗੱਲਬਾਤ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਲੁਧਿਆਣਾ ਪੁਲਿਸ ਨੇ ਐਕਸਪਲੋਸਿਵ ਐਕਟ ਅਤੇ ਧਾਰਾ 113 ਭਾਰਤੀ ਨਿਆਂ ਸੰਹਿਤਾ (ਬੀਐਨਐਸ ) ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਅਨੁਸਾਰ ਦਰਜ ਮੁਕੱਦਮੇ ਵਿੱਚ ਮੁਕਤਸਰ ਦਾ ਰਹਿਣ ਵਾਲਾ ਕੁਲਦੀਪ ਸਿੰਘ,
ਸ਼ੇਖਰ ਸਿੰਘ ਅਤੇ ਅਜੈ ਸਿੰਘ @ ਅਜੈ ਸ਼ਾਮਿਲ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਡੀਸੀਪੀ (ਇੰਵੈਸਟੀਗੇਸ਼ਨ) ਅਤੇ ਡੀਸੀਪੀ (ਸ਼ਹਿਰੀ) ਦੀ ਦੇਖਰੇਖ ਹੇਠ ਖਾਸ ਟੀਮਾਂ ਬਣਾਈਆਂ ਗਈਆਂ ਤਾਂ ਜੋ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ।ISI ਨੂੰ ਦਿੱਤਾ ਗਿਆ ਸੀ ਗ੍ਰ੍ਨੇਡ ਸੁੱਟਣ ਦਾ ਟਾਸਕ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਰੰਭਕ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਦੋਸ਼ੀਆਂ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI ) ਵੱਲੋਂ ਆਪਣੇ ਦੇਸੀ ਹੈਂਡਲਰਾਂ ਰਾਹੀਂ ਲੁਧਿਆਣਾ ਦੇ ਘਣੀ ਅਬਾਦੀ ਵਾਲੇ ਖੇਤਰ ਵਿੱਚ ਗ੍ਰਨੇਡ ਸੁੱਟਣ ਦਾ ਟਾਸਕ ਦਿੱਤਾ ਗਿਆ ਸੀ।
