ਸਪੋਰਟਸ ਡੈਸਕ : ਇਸਲਾਮਾਬਾਦ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਹੋਏ ਆਤਮਘਾਤੀ ਬੰਬ ਧਮਾਕੇ ਨੇ ਪਾਕਿਸਤਾਨ ਵਿੱਚ ਚੱਲ ਰਹੀ ਸ਼੍ਰੀਲੰਕਾ ਬਨਾਮ ਪਾਕਿਸਤਾਨ ਵਨਡੇ ਸੀਰੀਜ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਧਮਾਕੇ ਵਿੱਚ ਕਈ ਮੌਤਾਂ ਅਤੇ ਜ਼ਖਮੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਆਪਣੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਨਤੀਜੇ ਵਜੋਂ 8 ਖਿਡਾਰੀ ਸੀਰੀਜ਼ ਨੂੰ ਵਿਚਕਾਰ ਛੱਡ ਕੇ ਘਰ ਪਰਤ ਰਹੇ ਹਨ।
ਸ਼੍ਰੀਲੰਕਾ ਦੀ ਟੀਮ ਨੇ ਪ੍ਰਗਟਾਈ ਸੁਰੱਖਿਆ ਚਿੰਤਾ
ਸੂਤਰਾਂ ਅਨੁਸਾਰ, ਇਹ ਧਮਾਕਾ ਰਾਵਲਪਿੰਡੀ ਤੋਂ ਕੁਝ ਕਿਲੋਮੀਟਰ ਦੂਰ ਹੋਇਆ, ਜਿੱਥੇ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਕਾਰ ਦੂਜਾ ਵਨਡੇ ਵੀਰਵਾਰ ਨੂੰ ਖੇਡਿਆ ਜਾਣਾ ਸੀ। ਖਿਡਾਰੀਆਂ ਅਤੇ ਟੀਮ ਪ੍ਰਬੰਧਨ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਤੋਂ ਸੁਰੱਖਿਆ ਗਾਰੰਟੀ ਮੰਗੀ ਸੀ, ਪਰ ਧਮਾਕੇ ਤੋਂ ਬਾਅਦ ਤਣਾਅਪੂਰਨ ਮਾਹੌਲ ਕਾਰਨ ਉਨ੍ਹਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ। ਸ਼੍ਰੀਲੰਕਾ ਕ੍ਰਿਕਟ (ਐਸਐਲਸੀ) ਨੇ ਪੁਸ਼ਟੀ ਕੀਤੀ ਹੈ ਕਿ 8 ਖਿਡਾਰੀ ਵੀਰਵਾਰ ਸਵੇਰੇ ਚਾਰਟਰਡ ਫਲਾਈਟ ਰਾਹੀਂ ਕੋਲੰਬੋ ਲਈ ਰਵਾਨਾ ਹੋਣਗੇ। ਇਨ੍ਹਾਂ ਖਿਡਾਰੀਆਂ ਵਿੱਚ ਤਜਰਬੇਕਾਰ ਬੱਲੇਬਾਜ਼ ਕੁਸਲ ਪਰੇਰਾ, ਆਲਰਾਊਂਡਰ ਦਾਸੁਨ ਸ਼ਨਾਕਾ ਅਤੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਸ਼ਾਮਲ ਹਨ। SLC ਨੇ ਕਿਹਾ ਕਿ “ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ, ਇਸ ਲਈ ਅਸੀਂ PCB ਤੋਂ ਵਾਪਸੀ ਲਈ ਤੁਰੰਤ ਇਜਾਜ਼ਤ ਮੰਗੀ ਹੈ।”
