ਸਪੋਰਟਸ ਡੈਸਕ- ਆਈ.ਪੀ.ਐੱਲ. ਦੇ 18ਵੇਂ ਸੀਜ਼ਨ ‘ਚ ਅੱਜ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਪਹਿਲੀ ਵਾਰ ਪੰਜਾਬ ‘ਚ ਸ਼ਾਮਲ ਹੋਏ ਸ਼੍ਰੇਅਸ ਅਈਅਰ ਤੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਵਿਚਾਲੇ ਕਪਤਾਨੀ ਦੀ ਵੀ ਰੋਮਾਂਚਕ ਜੰਗ ਦੇਖਣ ਨੂੰ ਮਿਲੇਗੀ। ਇਹ ਮੈਚ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਅਈਅਰ ਆਈ.ਪੀ.ਐੱਲ. ਦੇ ਸਫਲ ਕਪਤਾਨਾਂ ਵਿਚ ਸ਼ਾਮਲ ਹੈ, ਜਿਸ ਦੀ ਅਗਵਾਈ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਪਿਛਲੇ ਸਾਲ ਫਾਈਨਲ ਮੁਕਾਬਲੇ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ ਅਈਅਰ ਦੀ ਕਪਤਾਨੀ ‘ਚ ਸਾਲ 2020 ਵਿਚ ਦਿੱਲੀ ਕੈਪੀਟਲਸ ਨੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਹੁਣ ਉਸ ਦਾ ਟੀਚਾ ਪੰਜਾਬ ਦਾ ਆਈ.ਪੀ.ਐੱਲ. ਖਿਤਾਬ ਜਿੱਤਣ ਦਾ 18 ਸਾਲ ਲੰਬਾ ਇੰਤਜ਼ਾਰ ਖ਼ਤਮ ਕਰਨਾ ਹੈ। ਪੰਜਾਬ ਦੀ ਟੀਮ ਇਸ ਤੋਂ ਪਹਿਲਾਂ 2018 ਦੇ ਸੈਮੀਫਾਈਨਲ ਵਿਚ ਪਹੁੰਚੀ ਸੀ, ਜਦਕਿ ਉਸ ਨੇ 2014 ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਪਰ ਪਿਛਲੇ ਚਾਰ ਸਾਲਾਂ ਵਿਚ ਟੀਮ ਟਾਪ-5 ਵਿਚ ਵੀ ਜਗ੍ਹਾ ਨਹੀਂ ਬਣਾ ਸਕੀ।
ਕਿੰਗਜ਼ ਇਲੈਵਨ ਪੰਜਾਬ ਤੋਂ ਪੰਜਾਬ ਕਿੰਗਜ਼ ਬਣਨ ਦੇ ਬਾਵਜੂਦ ਇਸ ਟੀਮ ਨੂੰ ਅਜੇ ਵੀ ਆਪਣੇ ਪਹਿਲੇ ਆਈ.ਪੀ.ਐੱਲ. ਖਿਤਾਬ ਦਾ ਇੰਤਜ਼ਾਰ ਹੈ ਪਰ ਹੁਣ ਅਈਅਰ ਦੇ ਰੂਪ ਵਿਚ ਨਵਾਂ ਕਪਤਾਨ ਤੇ ਰਿਕੀ ਪੌਂਟਿੰਗ ਦੇ ਰੂਪ ਵਿਚ ਨਵਾਂ ਹੈੱਡ ਕੋਚ ਮਿਲਣ ਤੋਂ ਬਾਅਦ ਪੰਜਾਬ ਦੀ ਟੀਮ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਤਿਆਰ ਹੈ।
ਦੂਜੇ ਪਾਸੇ ਗਿੱਲ ਨੂੰ ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦਾ ਕਪਤਾਨ ਮੰਨਿਆ ਜਾ ਰਿਹਾ ਹੈ। ਉਸ ਨੂੰ ਹਾਲ ਹੀ ਵਿਚ ਭਾਰਤ ਦੀ ਵਨ ਡੇ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ। ਉਸ ਨੇ ਹਾਰਦਿਕ ਪੰਡਯਾ ਦੇ ਪਿਛਲੇ ਸਾਲ ਮੁੰਬਈ ਇੰਡੀਅਨਜ਼ ਨਾਲ ਜੁੜ ਜਾਣ ਤੋਂ ਬਾਅਦ ਗੁਜਰਾਤ ਦੀ ਕਪਤਾਨੀ ਸੰਭਾਲੀ ਸੀ ਪਰ ਉਸਦੀ ਟੀਮ ਤਦ 8ਵੇਂ ਸਥਾਨ ’ਤੇ ਰਹੀ ਸੀ। ਇਸ ਤੋਂ ਪਹਿਲਾਂ ਹਾਰਦਿਕ ਦੀ ਕਪਤਾਨੀ ਵਿਚ ਗੁਜਰਾਤ ਦੀ ਟੀਮ 2022 ਵਿਚ ਜੇਤੂ ਤੇ 2023 ਵਿਚ ਉਪ ਜੇਤੂ ਰਹੀ ਸੀ।
ਗਿੱਲ ਤੇ ਅਈਅਰ ਦੋਵੇਂ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਹਨ। ਇਨ੍ਹਾਂ ਦੋਵਾਂ ਨੇ ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੇ ਖ਼ਿਤਾਬ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਅਈਅਰ ਨੇ ਜਿੱਥੇ ਭਾਰਤ ਵੱਲੋਂ ਟੂਰਨਾਮੈਂਟ ਵਿਚ ਸਭ ਤੋਂ ਵੱਧ 243 ਦੌੜਾਂ ਬਣਾਈਆਂ ਸਨ, ਉੱਥੇ ਹੀ ਗਿੱਲ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਮੈਚ ਵਿਚ ਸੈਂਕੜਾ ਲਾਇਆ ਸੀ ਤੇ ਅਗਲੇ ਮੁਕਾਬਲਿਆਂ ‘ਚ ਵੀ ਉਸ ਨੇ ਮਹੱਤਵਪੂਰਨ ਯੋਗਦਾਨ ਦਿੱਤਾ।