ਪੰਜਾਬ ਦੇ 2 ਨੌਜਵਾਨਾਂ ਸਮੇਤ ਯੂਕ੍ਰੇਨ ਦੇ ਜੰਗੀ ਖੇਤਰ ’ਚ ਫਸੇ 19 ਭਾਰਤੀ, 5 ਲਾਪਤਾ, ਵੀਡੀਓ ਨੇ ਖੋਲ੍ਹੇ ਰਾਜ਼

ਜਲੰਧਰ-ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਰੂਸ ਗਏ 19 ਨੌਜਵਾਨਾਂ ਦੇ ਉੱਥੇ ਫਸਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ 19 ਨੌਜਵਾਨਾਂ ’ਚੋਂ ਕੁਝ ਨੌਜਵਾਨਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਰੂਸ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਫ਼ੌਜ ’ਚ ਵਰਤ ਰਿਹਾ ਹੈ ਅਤੇ ਉਨ੍ਹਾਂ ਨੂੰ ਯੂਕ੍ਰੇਨ ’ਚ ਕਿਸੇ ਥਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਸਮੇਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਕਤ ਨੌਜਵਾਨ ਭਾਰਤ ਸਰਕਾਰ ਨੂੰ ਆਪਣੀ ਜਾਨ ਬਚਾਉਣ ਲਈ ਅਪੀਲ ਕਰ ਰਹੇ ਹਨ।

19 ’ਚ ਜਲੰਧਰ ਤੇ ਤਰਨਤਾਰਨ ਦੇ ਵੀ ਨੌਜਵਾਨ
ਖ਼ਬਰ ਦੇ ਅਨੁਸਾਰ ਭਾਰਤ ਦੇ ਇਹ 19 ਨੌਜਵਾਨ, ਜਿਨ੍ਹਾਂ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ ਦੇ ਕਈ ਨੌਜਵਾਨ ਸ਼ਾਮਲ ਹਨ। ਪੰਜਾਬ ਦੇ ਜਲੰਧਰ ਅਤੇ ਤਰਨਤਾਰਨ ਦੇ 2 ਨੌਜਵਾਨ, ਹਰਿਆਣਾ ਦੇ ਕਰਨਾਲ, ਯੂ. ਪੀ. ਦੇ ਮੇਰਠ, ਸ਼ਾਮਲੀ ਅਤੇ ਜੰਮੂ ਦੇ ਕੁਝ ਨੌਜਵਾਨ ਇਨ੍ਹਾਂ ’ਚ ਸ਼ਾਮਲ ਹਨ। ਇਹ ਸਾਰੇ ਇਮੀਗ੍ਰੇਸ਼ਨ ਕੰਪਨੀ ਰਾਹੀਂ ਵਿਦੇਸ਼ ਗਏ ਸਨ। ਰੂਸ ’ਚ ਉਨ੍ਹਾਂ ਦਾ ਕਿਸੇ ਕੰਪਨੀ ਨਾਲ ਕਾਂਟ੍ਰੈਕਟ ਸਾਈਨ ਕਰਵਾਇਆ ਗਿਆ ਸੀ। ਵਾਇਰਲ ਵੀਡੀਓ ਵਿਚ ਇਕ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਸਥਾਨਕ ਠੇਕੇਦਾਰ ਨੇ ਰੂਸੀ ਫ਼ੌਜ ਦੇ ਹਵਾਲੇ ਕਰ ਦਿੱਤਾ ਸੀ। ਨੌਜਵਾਨ ਨੇ ਕਿਹਾ ਕਿ ਰੂਸੀ ਫ਼ੌਜ ਨੇ ਉਸ ਨੂੰ ਸਿਰਫ਼ ਇਕ ਮਹੀਨੇ ਦੀ ਟ੍ਰੇਨਿੰਗ ਦਿੱਤੀ, ਜਦਕਿ ਰੂਸੀ ਫ਼ੌਜੀਆਂ ਨੂੰ ਇਹੀ ਟ੍ਰੇਨਿੰਗ ਇਕ ਸਾਲ ਦੀ ਦਿੱਤੀ ਜਾਂਦੀ ਹੈ।

ਨੌਜਵਾਨ ਨੇ ਕਿਹਾ ਕਿ ਉਨ੍ਹਾਂ ਨਾਲ ਜੋ ਕਾਂਟ੍ਰੈਕਟ ਹੋਇਆ ਸੀ ਉਸ ’ਚ ਉਨ੍ਹਾਂ ਦੀ ਜਾਬ ਨਵੇਂ ਟ੍ਰੇਨਿੰਗ ਸੈਂਟਰ ਬਣਾਉਣ ਦੀ ਸੀ ਪਰ ਇਨ੍ਹਾਂ ਨੇ ਸਾਨੂੰ ਟ੍ਰੇਨਿੰਗ ਸੈਂਟਰਾਂ ’ਚ ਭੇਜ ਕੇ ਸਾਡੀ ਹੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ। ਪਹਿਲਾਂ 3 ਮਹੀਨਿਆਂ ਦੀ ਟ੍ਰੇਨਿੰਗ ਦੱਸੀ ਗਈ ਪਰ 20 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਏ.ਕੇ.-47 ਅਤੇ ਹੋਰ ਹਥਿਆਰ ਦੇ ਕੇ ਬਾਰਡਰ ’ਤੇ ਤਾਇਨਾਤ ਕਰ ਦਿੱਤਾ ਗਿਆ, ਜਿੱਥੇ ਲਗਾਤਾਰ ਡਰੋਨ ਹਮਲੇ ਅਤੇ ਬੰਬਾਰੀ ਹੋ ਰਹੀ ਸੀ।

Leave a Reply

Your email address will not be published. Required fields are marked *