ਚੰਡੀਗੜ੍ਹ : ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਕਰਵਾਉਣ ਦੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਚੋਣ ਕਮਿਸ਼ਨ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਅੱਜ ਇੱਥੇ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਆਈਆਰ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਨੂੰ ਇਤਰਾਜ਼ ਹੈ।
ਉਨ੍ਹਾਂ ਨੂੰ ਸੁਣਨਾ ਚਾਹੀਦਾ ਸੀ। ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਲੋਕਾਂ ਅਜਿਹਾ ਨਾ ਹੋ ਜਾਵੇ ਕਿ ਜਿੱਥੇ ਕਿਸੇ ਹੋਰ ਨੂੰ ਵੋਟ ਪੈਂਦੀ ਹੈ, ਉੱਥੇ ਉਨ੍ਹਾਂ ਦੀ ਵੋਟ ਕੱਟ ਦਿੱਤੀ ਜਾਵੇ। ਇਹ ਤਾਂ ਸਿੱਧਾ-ਸਿੱਧਾ ਵੋਟ ਚੋਰੀ ਹੋਵੇਗਾ, ਜੋ ਲੋਕਤੰਤਰ ਲਈ ਵੱਡਾ ਖ਼ਤਰਾ ਹੋ ਸਕਦਾ ਹੈ।
ਪੀਐਮ ਮੋਦੀ ਬਾਰੇ ਸੀਐਮ ਨੇ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਤੋਂ ਸਮਾਂ ਨਾ ਮਿਲਣ ‘ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਉਹ ਰੈਲੀ ਪ੍ਰਧਾਨ ਮੰਤਰੀ ਵੀ ਹਨ। ਅੱਜ-ਕੱਲ੍ਹ ਉਹ ਬਿਹਾਰ ਚੋਣਾਂ ‘ਚ ਰੈਲੀਆਂ ਕਰਨ ‘ਚ ਰੁੱਝੇ ਹੋਣਗੇ। ਜੇਕਰ ਉਹ ਸਾਨੂੰ ਉੱਥੇ ਮਿਲਣ ਲਈ ਸਮਾਂ ਦੇ ਦੇਣ ਤਾਂ ਅਸੀਂ ਆਪਣੇ ਸੂਬੇ ਦੀ ਗੱਲ ਕਰਨ ਲਈ ਬਿਹਾਰ ਵੀ ਆ ਜਾਵਾਂਗੇ। ਚਾਹੇ ਪਟਨਾ, ਗਯਾ ਜਾਂ ਸਮਸਤੀਪੁਰ, ਕਿਤੇ ਵੀ ਬੁਲਾ ਲਓ।
ਪਰਾਲੀ ਦੇ ਮਾਮਲੇ ‘ਚ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ‘ਤੇ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਚ ਪਰਾਲੀ ਦਾ ਪ੍ਰਦੂਸ਼ਣ ਜਾਣ ਲਈ ਹਵਾ ਦਾ ਉੱਤਰ ਤੋਂ ਦੱਖਣ ਵੱਲ ਚਲਣਾ ਜ਼ਰੂਰੀ ਹੈ ਜੋ ਕਿ ਹਾਲੇ ਤੱਕ ਨਹੀਂ ਹੋ ਰਿਹਾ।
