ਲੁਧਿਆਣਾ : ਖੁਦ ਨੂੰ ਕੋਟੈਕ ਮਹਿੰਦਰਾ ਬੈਂਕ ਦੇ ਅਧਿਕਾਰੀ ਤੇ ਮੁਲਾਜ਼ਮ ਦੱਸਣ ਵਾਲੇ ਗਿਰੋਹ ਨੇ ਲੁਧਿਆਣਾ ਦੇ ਕਾਰੋਬਾਰੀ ਨੂੰ 4 ਕਰੋੜ 35 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਸਾਈਬਰ ਕ੍ਰਾਈਮ ਸੈਲ ਦੀ ਟੀਮ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਦੀ ਸ਼ਿਕਾਇਤ ਤੇ ਤਨਵੀ ਸ਼ਰਮਾ, ਮੰਡੇਰ ਪਵਾਰ, ਸ਼ਿਵਾਨੀ, ਜੋਤੀ ਸ਼ਰਮਾ, ਸਰਣ ਗੁਪਤਾ, ਬਿਕਰਮ ਪਟੇਲ ਅਤੇ ਅੰਜਲੀ ਸ਼ਰਮਾ ਦੇ ਖਿਲਾਫ਼ ਮੁੱਕਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਨੱਟ ਬੋਲਟ ਦੀ ਇੰਡਸਟਰੀ ਚਲਾਉਣ ਵਾਲੇ ਰਸਪਾਲ ਸਿੰਘ ਨੇ ਦੱਸਿਆ ਮੁਲਜ਼ਮਾਂ ਨੇ ਖੁਦ ਨੂੰ ਕੋਟਕ ਮਹਿੰਦਰਾ ਬੈਂਕ ਹੈਦਰਾਬਾਅਦ ਦੇ ਮੁਲਾਜ਼ਮ ਦੱਸਿਆ ਤੇ ਮੋਟਾ ਮੁਨਾਫਾ ਕਮਾਉਣ ਦੀ ਗੱਲ ਆਖ ਕੇ ਇਨਵੈਸਟਮੈਂਟ ਕਰਨ ਦੇ ਪਲੈਨ ਸਬੰਧੀ ਜਾਣਕਾਰੀ ਦਿੱਤੀl ਮੁਲਜ਼ਮਾਂ ਨੇ ਕਾਰੋਬਾਰੀ ਨੂੰ ਇਸ ਕਦਰ ਝਾਂਸੇ ਵਿੱਚ ਲਿਆ ਕਿ ਉਨ੍ਹਾਂ ਨੇ ਛੇ ਮਹੀਨੇ ਵਿੱਚ 4 ਕਰੋੜ 35 ਲੱਖ ਰੁਪਏ ਇਨਵੈਸਟ ਕਰ ਦਿੱਤੇl ਰਿਫੰਡ ਨਾ ਮਿਲਣ ’ਤੇ ਕਾਰੋਬਾਰੀ ਨੇ ਜਦ ਲੁਧਿਆਣਾ ਬ੍ਰਾਂਚ ਨਾਲ ਸੰਪਰਕ ਕੀਤਾ ਤਾਂ ਲੁਧਿਆਣਾ ਦੇ ਕੋਟਕ ਮਹਿੰਦਰਾ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੈਦਰਾਬਾਅਦ ਦੀ ਜਿਸ ਸ਼ਾਖਾ ਦਾ ਜ਼ਿਕਰ ਕਰ ਰਹੇ ਹਨ ਉਹ ਦੋ ਸਾਲ ਪਹਿਲੋਂ ਹੀ ਬੰਦ ਹੋ ਚੁੱਕੀ ਹੈ l
ਕਾਰੋਬਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਆਨਲਾਈਨ ਸੰਪਰਕ ਕੀਤਾ ਤਾਂ ਉਨਾਂ ਨੂੰ ਭਣਕ ਵੀ ਨਹੀਂ ਲੱਗੀ ਕਿ ਉਹ ਠੱਗੀ ਦਾ ਸ਼ਿਕਾਰ ਬਣ ਰਹੇ ਹਨ l ਸਾਰੀਆਂ ਫਾਰਮੈਲਟੀਜ਼ ਇੱਕ ਚੰਗੇ ਬੈਂਕ ਦੀ ਤਰ੍ਹਾਂ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਸਨl ਕਾਰੋਬਾਰੀ ਨੇ ਸਾਈਬਰ ਸੈਲ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਸਾਰਾ ਕੁਝ ਬੈਂਕ ਦੇ ਪੁਰਾਣੇ ਮੁਲਾਜ਼ਮਾਂ ਨੇ ਹੀ ਕੀਤਾ ਹੈ l ਸਾਈਬਰ ਸੈਲ ਨੇ ਪੜਤਾਲ ਤੋਂ ਬਾਅਦ ਸੱਤ ਮੁਲਜ਼ਮਾਂ ਦੇ ਖਿਲਾਫ਼ ਮੁੱਕਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।