ਫਗਵਾੜਾ ‘ਚ ਰੂਹ ਕੰਬਾਊ ਹਾਦਸਾ! ਇਨੋਵਾ ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਉੱਡੇ ਵਾਹਨਾਂ ਦੇ ਪਰਖੱਚੇ

ਫਗਵਾੜਾ – ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਰਾਵਲਪਿੰਡੀ ਨਜ਼ਦੀਕ ਬੀਤੀ ਰਾਤ ਕਰੀਬ 2 ਵਜੇ ਟਰੈਕਟਰ-ਟਰਾਲੀ ਅਤੇ ਇਨੋਵਾ ਕਾਰ ਵਿਚਾਲੇ ਭਿਆਨਕ ਟੱਕਰ ਨਾਲ ਦੋਵੇਂ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਇਨੋਵਾ ਕਾਰ ਨੰਬਰ ਪੀ. ਬੀ. ਓ. ਜ਼ੈੱਡ 6262 ਰੰਗ ਕਾਲਾ ਜੋ ਕਿ ਬਹੁਤ ਤੇਜ਼ ਰਫ਼ਤਾਰ ਨਾਲ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਵੱਲ ਨੂੰ ਆ ਰਹੀ ਸੀ। ਉਕਤ ਕਾਰ ਪਿੰਡ ਰਾਵਲਪਿੰਡੀ ਵਿਖੇ ਸਾਹਮਣੇ ਤੋਂ ਆ ਰਹੀ ਤੂੜੀ ਨਾਲ ਭਰੀ ਇਕ ਟਰੈਕਟਰ-ਟਰਾਲੀ ਨਾਲ ਗਲਤ ਸਾਈਡ ਜਾ ਕੇ ਬੁਰੀ ਤਰ੍ਹਾਂ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਟਰੈਕਟਰ ਮਾਰਕਾ ਨਿਊ ਹਾਲੈਂਡ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਹਾਦਸੇ ’ਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਟਰੈਕਟਰ ਚਾਲਕ ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਲਪੋਤਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਿੰਡ ਤੋਂ ਟਰਾਲੀ ’ਚ ਤੂੜੀ ਲੱਦ ਕੇ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ। ਰਾਤ ਕਰੀਬ 2 ਵਜੇ ਜਦੋਂ ਉਹ ਥਾਣਾ ਰਾਵਲਪਿੰਡੀ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਆਈ ਇਨੋਵਾ ਕਾਰ ਬੇਕਾਬੂ ਹੋ ਕੇ ਉਸ ਦੇ ਟਰੈਕਟਰ ’ਚ ਵੱਜੀ, ਜਿਸ ਨਾਲ ਟਰੈਕਟਰ ਦੇ ਟਾਇਰ ਖੁੱਲ੍ਹ ਗਏ ਅਤੇ ਕਾਫੀ ਨੁਕਸਾਨ ਹੋਇਆ ਹੈ। ਟਰੈਕਟਰ ਚਾਲਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਨੋਵਾ ਕਾਰ ’ਚ ਚਾਲਕ ਸਮੇਤ 3 ਵਿਅਕਤੀ ਸਵਾਰ ਸਨ।

ਸੂਤਰਾਂ ਮੁਤਾਬਕ ਕਾਰ ’ਚ ਸ਼ਰਾਬ ਦੀਆਂ ਬੋਤਲਾਂ ਅਤੇ ਗਿਲਾਸ ਵੀ ਮਿਲੇ ਹਨ। ਕਾਰ ਸਵਾਰਾਂ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜੋ ਬਾਅਦ ’ਚ ਪਤਾ ਨਹੀਂ ਕਿੱਥੇ ਚਲੇ ਗਏ। ਖਬਰ ਲਿਖੇ ਜਾਣ ਤੱਕ ਕਾਰ ਸਵਾਰਾਂ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਥਾਣਾ ਰਾਵਲਪਿੰਡੀ ਦੇ ਐੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *