ਚੰਡੀਗੜ੍ਹ ‘ਚ ਫੂਕਿਆ ਜਾਵੇਗਾ 101 ਫੁੱਟ ਦਾ ਰਾਵਣ, ਰਾਜਪਾਲ ਗੁਲਾਬ ਚੰਦ ਕਟਾਰੀਆ ਹੋਣਗੇ ਮੁੱਖ ਮਹਿਮਾਨ

ਚੰਡੀਗੜ੍ਹ: ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ, ਸੈਕਟਰ-46, ਚੰਡੀਗੜ੍ਹ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕਮੇਟੀ ਦੇ ਮੁੱਖ ਸਰਪ੍ਰਸਤ ਕਮ ਚੇਅਰਮੈਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਭਾਟੀਆ, ਜਨਰਲ ਸਕੱਤਰ ਸੁਸ਼ੀਲ ਸੋਵਤ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ 28ਵੇਂ ਸਾਲਾਨਾ ਸਮਾਗਮ ’ਚ ਲੰਕਾ ਦਹਿਨ, ਰੱਥ ’ਤੇ ਸਵਾਰ ਰਾਵਣ ਦੇ ਪੁਤਲੇ ਦੀ ਘੁੰਮਦੀ ਗਰਦਨ ਤੇ ਚਿਹਰਾ, ਉਸ ਦੀ ਧੁੰਨੀ ’ਚੋਂ ਨਿਕਲਣ ਵਾਲੀ ਅੰਮ੍ਰਿਤ ਕੁੰਡ ਦੀ ਧਾਰਾ ਤੇ ਸਟੇਜ ਤੋਂ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਨਾਲ ਸਾੜਨਾ ਵਿਸ਼ੇਸ਼ ਆਕਰਸ਼ਣ ਹੋਣਗੇ।



10 ਹਜ਼ਾਰ ਦਰਸ਼ਕਾਂ ਲਈ ਬੈਠਣ ਦਾ ਕੀਤਾ ਪ੍ਰਬੰਧ
ਕਮੇਟੀ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸੈਕਟਰ-46 ਦੇ ਸ਼੍ਰੀ ਸਨਾਤਨ ਧਰਮ ਮੰਦਰ ਤੋਂ ਦੁਪਹਿਰ 2 ਵਜੇ ਇਕ ਜਲੂਸ ਕੱਢਿਆ ਜਾਵੇਗਾ। ਇਹ ਸੈਕਟਰ-46 ਤੇ 45 ਦੇ ਖੇਤਰਾਂ ’ਚੋਂ ਲੰਘੇਗਾ ਅਤੇ ਸ਼ਾਮ 4:30 ਵਜੇ ਦੁਸਹਿਰਾ ਸਥਾਨ ’ਤੇ ਪਹੁੰਚੇਗਾ। ਕੁਰਸੀਆਂ ’ਤੇ ਬੈਠਣ ਲਈ ਕਰੀਬ 10 ਹਜ਼ਾਰ ਦਰਸ਼ਕਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਮਾਗਮ ’ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਲਈ ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਦੇ ਨਾਲ-ਨਾਲ ਨਿੱਜੀ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ। ਐਮਰਜੈਂਸੀ ਨਾਲ ਨਜਿੱਠਣ ਲਈ ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਾਹਨਾਂ ਦੇ ਨਾਲ-ਨਾਲ ਪਾਰਕ ਹਸਪਤਾਲ, ਮੋਹਾਲੀ ਤੋਂ ਐਂਬੂਲੈਂਸਾਂ ਨੂੰ ਪੂਰੇ ਸਮਾਗਮ ਦੌਰਾਨ ਤਾਇਨਾਤ ਕੀਤਾ ਜਾਵੇਗਾ। ਦੁਸਹਿਰੇ ਦੀ ਪੂਰਵ ਸੰਧਿਆ ’ਤੇ ਮੇਲਾ ਸਥਾਨ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਥਾਪਿਤ ਕੀਤੇ ਜਾਣਗੇ। ਕਮੇਟੀ ਦੇ ਚੇਅਰਮੈਨ ਭਾਟੀਆ ਨੇ ਦੱਸਿਆ ਕਿ ਸ਼ਾਮ ਨੂੰ ਪੁਤਲਿਆਂ ਅਤੇ ਮੇਲਾ ਸਥਾਨ ਨੂੰ ਰੰਗੀਨ ਲਾਈਟਾਂ ਨਾਲ ਸਜਾਇਆ ਜਾਵੇਗਾ। ਮੇਲੇ ਸਥਾਨ ’ਤੇ ਭਗਵਾਨ ਰਾਮ ਨੂੰ ਸਮਰਪਿਤ ਭਜਨ ਵਜਾਏ ਜਾਣਗੇ।

Leave a Reply

Your email address will not be published. Required fields are marked *