ਪੰਜਾਬੀ ਗਾਇਕਾ ਬਾਣੀ ਸੰਧੂ ਨੇ ਪੰਜਾਬ ਦੇ ਹੜ੍ਹਾਂ ਪੀੜਤਾਂ ਲਈ ਕੀਤਾ ਵੱਡਾ ਐਲਾਨ

ਐਂਟਰਟੇਨਮੈਂਟ ਡੈਸਕ- ਪੰਜਾਬ ਵਿੱਚ ਹੜ੍ਹਾਂ ਮਗਰੋਂ ਹੋਏ ਨੁਕਸਾਨ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕਾਂ, ਬਾਲੀਵੁੱਡ ਹਸਤੀਆਂ, ਖਿਡਾਰੀਆਂ ਅਤੇ ਜਨਤਕ ਹਸਤੀਆਂ ਵੱਲੋਂ ਵੀ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।

ਇਸੇ ਕੜੀ ਤਹਿਤ ਹੁਣ ਮਸ਼ਹੂਰ ਪੰਜਾਬੀ ਗਾਇਕਾ ਬਾਣੀ ਸੰਧੂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਇਕ ਹੋਰ ਐਲਾਨ ਕੀਤਾ ਹੈ। ਬਾਣੀ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਸ਼ੋਅਜ਼ ਦੀ 50 ਫੀਸਦੀ ਕਮਾਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ 11 ਕੁੜੀਆਂ ਦੇ ਵਿਆਹ ‘ਤੇ ਖਰਚ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਲਿਖਿਆ, ਮੈਂ ਵਿਆਹਾਂ ਦੇ ਸ਼ੋਅਜ਼ ਹੁਣ ਤੱਕ ਬਹੁਤ ਘੱਟ ਲਗਾਏ ਹਨ ਪਰ ਇਸ ਸੀਜ਼ਨ ਮੈਂ ਸੋਚਿਆ ਕਿ ਮੈਂ ਵਿਆਹਾਂ ਦੇ ਸ਼ੋਅਜ਼ ਲਾਵਾਂਗੀ ਅਤੇ ਮੇਰੀ 2025-2026 ਦੇ ਸ਼ੋਅਜ਼ ਦੀ ਜਿੰਨੀ ਵੀ ਕਮਾਈ ਹੋਵੇਗੀ ਉਸ ਦਾ 50 ਫੀਸਦੀ ਮੈਂ ਹੜ੍ਹ ਪ੍ਰਭਾਵਿਤ ਪੰਜਾਬ ਦੇ ਇਲਾਕਿਆਂ ‘ਤੇ 11 ਕੁੜੀਆਂ ਦੇ ਵਿਆਹ ‘ਤੇ ਖਰਚ ਕਰਨੇ ਹਨ। ਮੇਰੀਆਂ ਭੈਣਾਂ ਨੂੰ ਵਿਆਹ ਵਿਚ ਜੋ ਕੁੱਝ ਚਾਹੀਦਾ, ਸਮਾਨ ਤੋਂ ਲੈ ਕੇ ਵਿਆਹ ਦੇ ਪੈਲੇਸ, ਖਾਣਾ-ਪੀਣਾ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਮੇਰੀ ਜਿੰਨੀ ਕੁ ਗੁੰਜਾਇਸ਼ ਹੋਏਗੀ ਮੈਂ ਕਰਾਂਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਣੀ ਸੰਧੂ ਵੱਲੋਂ ਹੜ੍ਹ ਪੀੜਤ ਪਿੰਡਾਂ ਵਿਚ ਬੀਬੀਆਂ ਨੂੰ ਸੂਟ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਲਈ ਉਨ੍ਹਾਂ ਨੇ ਸੂਟ ਸੀਨ ਵਾਲੇ ਕਾਰੀਗਰਾਂ ਦੀ ਡਿਮਾਂਡ ਵੀ ਕੀਤੀ ਸੀ।

Leave a Reply

Your email address will not be published. Required fields are marked *