ਸੰਯੁਕਤ ਕਿਸਾਨ ਮੋਰਚਾ ਵਲੋਂ ਅਗਨੀਪੱਥ ਯੋਜਨਾ ਵਿਰੁੱਧ 24 ਜੂਨ ਨੂੰ ਦੇਸ਼ ਵਿਆਪੀ ਰੋਸ ਦਿਵਸ

morcha/nawanpunjab.com

ਚੰਡੀਗੜ੍ਹ,21 ਜੂਨ -ਸੰਯੁਕਤ ਕਿਸਾਨ ਮੋਰਚਾ ਨੇ ਫੌਜ ਵਿੱਚ ਭਰਤੀ ਦੀ ਨਵੀਂ ਅਗਨੀਪੱਥ ਯੋਜਨਾ ਦੇ ਖਿਲਾਫ ਨੌਜਵਾਨਾਂ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਧਰਨੇ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਇਸ ਯੋਜਨਾ ਨੂੰ ਫੌਜ ਵਿਰੋਧੀ, ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਰਾਰ ਦਿੱਤਾ ਹੈ। ਜਦੋਂ ਕੇਂਦਰ ਸਰਕਾਰ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਦੀ ਭਾਵਨਾ ਨੂੰ ਢਾਹ ਲਾਉਣ ’ਤੇ ਤੁਲੀ ਹੋਈ ਹੈ ਤਾਂ ਕਿਸਾਨ ਲਹਿਰ ਦਾ ਫਰਜ਼ ਬਣਦਾ ਹੈ ਕਿ ਉਹ ਜਵਾਨਾਂ ਨਾਲ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ। ਇਸ ਲਈ ਸੰਯੁਕਤ ਕਿਸਾਨ ਮੋਰਚਾ 24 ਜੂਨ ਦਿਨ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਰੋਸ ਦਿਵਸ ਮਨਾਏਗਾ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਤਾਲਮੇਲ ਕਮੇਟੀ ਨੇ ਅੱਜ ਕਰਨਾਲ (ਹਰਿਆਣਾ) ਵਿੱਚ ਹੋਈ ਮੀਟਿੰਗ ਦੌਰਾਨ ਲਿਆ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਇਹ ਨਾ ਸਿਰਫ਼ ਦੇਸ਼ ਦੀ ਸੁਰੱਖਿਆ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਸੁਪਨਿਆਂ ਨਾਲ ਖੇਡ ਰਹੀ ਹੈ, ਸਗੋਂ ਦੇਸ਼ ਦੇ ਕਿਸਾਨ ਪਰਿਵਾਰਾਂ ਨਾਲ ਵੀ ਖਿਲਵਾੜ ਹੈ। ਇਸ ਦੇਸ਼ ਦਾ ਜਵਾਨ ਵਰਦੀਧਾਰੀ ਕਿਸਾਨ ਹੈ। ਜ਼ਿਆਦਾਤਰ ਸਿਪਾਹੀ ਕਿਸਾਨ ਪਰਿਵਾਰਾਂ ਤੋਂ ਹਨ। ਫੌਜ ਦੀ ਨੌਕਰੀ ਲੱਖਾਂ ਕਿਸਾਨ ਪਰਿਵਾਰਾਂ ਦੇ ਸਨਮਾਨ ਅਤੇ ਆਰਥਿਕ ਮਜ਼ਬੂਤੀ ਨਾਲ ਜੁੜੀ ਹੋਈ ਹੈ। ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਕਿ ਸਾਬਕਾ ਸੈਨਿਕਾਂ ਨੂੰ ”ਵਨ ਰੈਂਕ ਵਨ ਪੈਨਸ਼ਨ” ਦੇ ਵਾਅਦੇ ਨਾਲ ਰੈਲੀ ਕਰਕੇ ਆਪਣੀ ਜਿੱਤ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ”ਨੋ ਰੈਂਕ ਨੋ ਪੈਨਸ਼ਨ” ਦੀ ਇਹ ਸਕੀਮ ਸ਼ੁਰੂ ਕੀਤੀ ਹੈ। ਫੌਜ ਵਿੱਚ ਰੈਗੂਲਰ ਭਰਤੀ ਵਿੱਚ ਵੱਡੀ ਕਟੌਤੀ ਉਨ੍ਹਾਂ ਕਿਸਾਨ ਪੁੱਤਰਾਂ ਨਾਲ ਧੋਖਾ ਹੈ, ਜਿਨ੍ਹਾਂ ਨੇ ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰਨ ਦਾ ਸੁਪਨਾ ਪਾਲਿਆ ਸੀ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਇਸ ਸਕੀਮ ਵਿੱਚ “ਆਲ ਇੰਡੀਆ ਆਲ ਕਲਾਸਜ਼” ਦੇ ਨਿਯਮ ਅਧੀਨ ਭਰਤੀ ਹੋਣ ਨਾਲ ਉਨ੍ਹਾਂ ਸਾਰੇ ਖੇਤਰਾਂ ਵਿੱਚੋਂ ਭਰਤੀ ਵਿੱਚ ਸਭ ਤੋਂ ਵੱਡੀ ਕਮੀ ਆਵੇਗੀ ਜਿੱਥੇ ਕਿਸਾਨ ਅੰਦੋਲਨ ਨੇ ਸਰਗਰਮ ਹਿੱਸਾ ਲਿਆ ਸੀ। ਕਿਸਾਨ ਅੰਦੋਲਨ ਦੇ ਹੱਥੋਂ ਆਪਣੀ ਹਾਰ ਤੋਂ ਦੁਖੀ ਹੋਈ ਇਸ ਸਰਕਾਰ ਨੇ ਕਿਸਾਨਾਂ ਤੋਂ ਬਦਲਾ ਲੈਣ ਦੀ ਇੱਕ ਹੋਰ ਚਾਲ ਚੱਲੀ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਅਗਨੀਵੀਰ ਭਰਤੀ ਸ਼ੁਰੂ ਹੋਣ ਵਾਲੇ ਦਿਨ ਸ਼ੁੱਕਰਵਾਰ, 24 ਜੂਨ ਨੂੰ ਇਸ ਸਕੀਮ ਵਿਰੁੱਧ ਦੇਸ਼ ਵਿਆਪੀ ਰੋਸ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਉਸ ਦਿਨ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨਾਲ ਸਾਰੇ ਜ਼ਿਲ੍ਹਾ, ਤਹਿਸੀਲ ਜਾਂ ਬਲਾਕ ਹੈੱਡਕੁਆਰਟਰ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਭਾਰਤ ਦੇ ਰਾਸ਼ਟਰਪਤੀ, ਸੈਨਾ ਦੇ ਸੁਪਰੀਮ ਕਮਾਂਡਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ ।
ਸੰਯੁਕਤ ਕਿਸਾਨ ਮੋਰਚਾ ਦੀ ਆਗਾਮੀ ਕੌਮੀ ਮੀਟਿੰਗ 3 ਜੁਲਾਈ ਦਿਨ ਐਤਵਾਰ ਨੂੰ ਗਾਜ਼ੀਆਬਾਦ ਵਿੱਚ ਤੈਅ ਕੀਤੀ ਗਈ ਹੈ, ਇਸ ਮੀਟਿੰਗ ਵਿੱਚ ਮੋਰਚੇ ਦੇ ਆਉਣ ਵਾਲੇ ਪ੍ਰੋਗਰਾਮ ਅਤੇ ਜਥੇਬੰਦੀ ਨਾਲ ਸਬੰਧਤ ਫੈਸਲੇ ਲਏ ਜਾਣਗੇ।

Leave a Reply

Your email address will not be published. Required fields are marked *