ਲਖਨਊ, 8 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਕਾਂਡ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਅੱਜ ਯਾਨੀ ਸ਼ੁੱਕਰਵਾਰ ਨੂੰ ਕ੍ਰਾਮ ਬ੍ਰਾਂਚ ਸਾਹਮਣੇ ਪੇਸ਼ ਨਹੀਂ ਹੋਇਆ। ਕ੍ਰਾਈਮ ਬ੍ਰਾਂਚ ਨੇ ਵੀਰਵਾਰ ਨੂੰ ਆਸ਼ੀਸ਼ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਸ਼ੁੱਕਰਵਾਰ ਸਵੇਰੇ 10 ਵਜੇ ਉਸ ਨੂੰ ਹਾਜ਼ਰ ਹੋਣ ਲਈ ਕਿਹਾ ਸੀ। ਦੱਸ ਦੇਈਏ ਕਿ ਐੱਫ.ਆਈ.ਆਰ. ’ਚ ਆਸ਼ੀਸ਼ ਮਿਸ਼ਰਾ ਦਾ ਨਾਂ ਹੈ। ਲਖੀਮਪੁਰ ਦੇ ਤਿਕੁਨੀਆ ’ਚ ਜਿੱਥੇ 4 ਕਿਸਾਨਾਂ ਦੀ ਮੌਤ ਹੋਈ ਸੀ, ਉਸ ਘਟਨਾ ’ਚ ਆਸ਼ੀਸ਼ ਮੁੱਖ ਦੋਸ਼ੀ ਹੈ। ਆਸ਼ੀਸ਼ ਮਿਸ਼ਰਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਬੇਟਾ ਹੈ। ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਵੀ ਸੁੰਨ ਪਸਰੀ ਹੋਈ ਹੈ। ਉਹ ਘਰ ’ਚ ਮੌਜੂਦ ਨਹੀਂ ਹੈ।
ਯੂ.ਪੀ. ਪੁਲਸ ਵਲੋਂ ਵੀਰਵਾਰ ਨੂੰ ਆਸ਼ੀਸ਼ ਮਿਸ਼ਰਾ ਨੂੰ ਲੈ ਕੇ ਇਕ ਬਿਆਨ ਆਇਆ ਸੀ। ਆਈ.ਜੀ. (ਲਖਨਊ ਰੇਂਜ) ਲਕਸ਼ਮੀ ਸਿੰਘ ਨੇ ਕਿਹਾ ਸੀ ਕਿ ਪੁਲਸ ਆਸ਼ੀਸ਼ ਮਿਸ਼ਰਾ ਦੀ ਭਾਲ ਕਰ ਰਹੀ ਹੈ, ਉਸ ਕੋਲੋਂ ਪੁੱਛਗਿੱਛ ਹੋਣੀ ਹੈ। ਇਹ ਬਿਆਨ ਹੈਰਾਨ ਕਰਨ ਵਾਲੀ ਇਸ ਲਈ ਸੀ ਕਿਉਂਕਿ ਇਸ ਤੋਂ ਪਹਿਲਾਂ ਤਕ ਆਸ਼ੀਸ਼ ਮਿਸ਼ਰਾ ਲਗਾਤਾਰ ਮੀਡੀਆ ਸਾਹਮਣੇ ਆ ਕੇ ਇੰਟਰਵਿਊ ਦੇ ਰਿਹਾ ਸੀ ਪਰ ਹੁਣ ਅਚਾਨਕ ਉਹ ਗਾਇਬ ਹੋ ਗਿਆ ਹੈ।