ਚੰਡੀਗੜ੍ਹ : ਪੌਂਗ ਦੇ ਕੈਚਮੈਂਟ ਖੇਤਰ ‘ਚ ਹੁਣ ਤਕ ਦੀ ਸਭ ਤੋਂ ਵੱਧ ਬਰਸਾਤ ਨੇ ਪੰਜਾਬ ਨੂੰ ਹੜ੍ਹ ਦੀ ਸਥਿਤੀ ‘ਚ ਪਾ ਦਿੱਤਾ ਹੈ। ਸਤਲੁਜ ਅਤੇ ਬਿਆਸ ‘ਚ ਆਏ ਹੜ੍ਹ ਦੇ ਸੰਦਰਭ ‘ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਸ਼ੁੱਕਰਵਾਰ ਨੂੰ ਮੀਡੀਆ ਸਾਹਮਣੇ ਸਥਿਤੀ ਨੂੰ ਸਾਫ ਕਰਦਿਆਂ ਚਿਤਾਵਨੀ ਦਿੱਤੀ ਕਿ ਡੈਮ ‘ਚ ਪਾਣੀ ਸੰਭਾਲਣ ਦੀ ਇਕ ਸੀਮਤ ਸਮਰੱਥਾ ਹੈ। ਜੇਕਰ ਇਸ ਤੋਂ ਵੱਧ ਪਾਣੀ ਆਇਆ ਤਾਂ ਉਸਨੂੰ ਡਾਊਨ ਸਟ੍ਰੀਮ ‘ਚ ਛੱਡਣਾ ਪਵੇਗਾਸ, ਇਸ ਲਈ ਨਦੀਆਂ ਦੇ ਬੰਨ੍ਹ ਪੱਕੇ ਕਰਨਾ, ਉਨ੍ਹਾਂ ਦੀ ਸਫ਼ਾਈ ਆਦਿ ਕਰਵਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਪੰਜਾਬ ‘ਚ ਹੜ੍ਹ ਲਈ ਲੋਕਾਂ ਨੇ ਜਿੰਨਾ ਵੀ ਬੀਬੀਐਮਬੀ ਨੂੰ ਦੋਸ਼ ਦਿੱਤਾ ਹੈ, ਉਸ ਦੌਰਾਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ 1988 ਤੋਂ ਬਾਅਦ ਪੰਜਾਬ ‘ਚ ਚਾਰ ਵਾਰ ਵੱਧ ਬਰਸਾਤ ਹੋਈ ਹੈ, ਪਰ ਉਸ ਸਮੇਂ ਵੀ ਇੰਨਾ ਪਾਣੀ ਕਦੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 1988 ‘ਚ ਪੌਂਗ ‘ਚ 7.9 ਬਿਲੀਅਨ ਕਿਊਬਿਕ ਮੀਟਰ (ਬੀਸੀਐਮ) ਪਾਣੀ ਆਇਆ ਸੀ ਜੋ ਇਸ ਸਾਲ 11.7 ਬੀਸੀਐਮ ਹੋ ਗਿਆ। ਇਸ ਤੋਂ ਇਲਾਵਾ, 2023 ਵਿਚ 9.5 ਅਤੇ 2019 ‘ਚ 5.5 ਬੀਸੀਐਮ ਪਾਣੀ ਆਇਆ। ਉਨ੍ਹਾਂ ਕਿਹਾ ਕਿ ਡੈਮ ਦੀ ਸਮਰੱਥਾ 5.5 ਬੀਸੀਐਮ ਹੈ। ਜੇਕਰ ਇਸ ਤੋਂ ਵੱਧ ਪਾਣੀ ਆਇਆ ਤਾਂ ਉਸਨੂੰ ਛੱਡਣਾ ਪਵੇਗਾ। ਇਸੇ ਤਰ੍ਹਾਂ, ਭਾਖੜਾ ‘ਚ ਇਸ ਸਾਲ 9.11 ਬੀਸੀਐਮ, 1988 ਵਿਚ 9.25 ਬੀਸੀਐਮ ਅਤੇ 2023 ਵਿਚ 9.18 ਬੀਸੀਐਮ ਪਾਣੀ ਆਇਆ ਸੀ।
