ਪੰਜਾਬ ‘ਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਵਿਚਾਲੇ ਨਵੇਂ ਹੁਕਮ ਜਾਰੀ, 24 ਘੰਟੇ…

ਹੁਸ਼ਿਆਰਪੁਰ -ਪੰਜਾਬ ਵਿਚ ਹੜ੍ਹਾਂ ਦੇ ਕਾਰਨ ਕਈ ਪਿੰਡ ਲਪੇਟ ਵਿਚ ਆ ਚੁੱਕੇ ਹਨ। ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਹੁਸ਼ਿਆਰਪੁਰ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀ ਗਸ਼ਤ ਐਕਟ 1918 ਦੀ ਧਾਰਾ 3 (1) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ ਵਿਅਕਤੀਆਂ (ਪੁਰਸ਼ਾਂ) ਲਈ ਨਹਿਰਾਂ ਦੇ ਕੰਢੇ, ਚੋਆਂ ਦੇ ਬੰਨ੍ਹ, ਦਰਿਆ ਬਿਆਸ ਦੇ ਕੰਢੇ ਬਣੇ ਧੁੱਸੀ ਬੰਨ੍ਹ ਦੇ ਖ਼ਤਰਨਾਕ ਪੁਆਇੰਟਾਂ ’ਤੇ ਹੜ੍ਹਾਂ ਨਾਲ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ 24 ਘੰਟੇ ਠੀਕਰੀ ਪਹਿਰਾ ਅਤੇ ਰਾਖੀ ਕਰਨ ਦੀ ਡਿਊਟੀ ਨਿਭਾਉਣ ਦਾ ਹੁਕਮ ਜਾਰੀ ਕੀਤਾ ਹੈ।

ਉਨ੍ਹਾਂ ਇਹ ਹੁਕਮ ਵੀ ਦਿੱਤਾ ਕਿ ਹਰੇਕ ਪਿੰਡ ਦੀ ਪੰਚਾਇਤ ਉਕਤ ਐਕਟ ਅਧੀਨ ਧਾਰਾ ਦੀ ਪੂਰੀ ਤਰਜਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਵਿਚ ਉਕਤ ਡਿਊਟੀ ਅਦਾ ਕਰਵਾਏਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲਾ ਹੁਸ਼ਿਆਰਪੁਰ ਦੀ ਆਮ ਜਨਤਾ ਦੀ ਜਾਨ-ਮਾਲ, ਪਸ਼ੂ ਧਨ ਅਤੇ ਚੱਲ-ਅਚੱਲ ਜਾਇਦਾਦ ਨੂੰ ਹੜ੍ਹਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਬਰਸਾਤ ਦੇ ਮੌਸਮ ਵਿਚ ਹੜ੍ਹਾਂ ਆਦਿ ਨਾਲ ਇਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਡਰ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਦਰਿਆ, ਚੋਆਂ ਅਤੇ ਨਹਿਰਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਰਸਾਤ ਵਿਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਅਤਿ ਜ਼ਰੂਰੀ ਹਨ। ਕਿਉਂਕਿ ਬਰਸਾਤ ਦੌਰਾਨ ਜ਼ਿਲੇ ਵਿਚ ਚੋਆਂ ਦੇ ਕੰਢੇ, ਨਹਿਰਾਂ ਦੇ ਕੰਢੇ, ਦਰਿਆ ਬਿਆਸ ਦੇ ਕੰਢੇ ਬਣੇ ਧੁੱਸੀ ਬੰਨ੍ਹ ਦੇ ਖਤਰਨਾਕ ਪੁਆਇੰਟਾਂ ’ਤੇ ਸੰਭਾਵਿਤ ਬੰਨ੍ਹ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਲਿਹਾਜ਼ਾ ਪਿੰਡਾਂ ਦੇ ਵਿਲੰਟੀਅਰਾਂ ਵੱਲੋਂ ਵਿਸ਼ੇਸ਼ ਥਾਵਾਂ ’ਤੇ ਠੀਕਰੀ ਪਹਿਰਾ ਆਦਿ ਦੇ ਚੋਖੇ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ।

Leave a Reply

Your email address will not be published. Required fields are marked *