ਚੰਡੀਗੜ੍ਹ, 18 ਦਸੰਬਰ (ਬਿਊਰੋ)- ਪੰਜਾਬ ਚੋਣਾਂ 2022: ਦੇਸ਼ ਵਿੱਚ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਪਰ ਕਿਸਾਨ ਅੰਦੋਲਨ ਦੀ ਆੜ ਵਿੱਚ ਸਿਆਸਤ ਖੇਡਣ ਦੀ ਚਾਲ ਵੀ ਚੱਲ ਪਈ ਹੈ। ਇੱਕ ਸਾਲ ਤੱਕ ਸੜਕਾਂ ’ਤੇ ਖੜ੍ਹੇ ਹੋ ਕੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹੁਣ ਸਿਆਸਤ ਵਿੱਚ ਅਗਵਾਈ ਕਰਨਗੇ। ਪੰਜਾਬ ਚੋਣਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ‘ਸੂਚਕ ਸੰਘਰਸ਼ ਪਾਰਟੀ’ ਦਾ ਐਲਾਨ ਕੀਤਾ।
ਇੱਕ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ
ਗੁਰਨਾਮ ਸਿੰਘ ਚੜੂਨੀ ਭਾਰਤੀ ਕਿਸਾਨ ਯੂਨੀਅਨ ਦਾ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਅਹਿਮ ਮੈਂਬਰ ਹੈ, ਜਿਸ ਨੇ ਇੱਕ ਸਾਲ ਤੱਕ ਅੰਦੋਲਨ ਚਲਾਇਆ। ਚੜੂਨੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਇਸ ਨੂੰ ਮਿਸ਼ਨ ਪੰਜਾਬ ਦਾ ਨਾਂ ਦਿੱਤਾ ਹੈ। ਇਸ ਮਿਸ਼ਨ ਤਹਿਤ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਇੱਕ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਚੜੂਨੀ ਦੇ ਚੋਣ ਫੈਸਲੇ ਨਾਲ ਸਹਿਮਤ ਨਹੀਂ ਹੈ। ਇਸ ਸਬੰਧੀ ਗੁਰਨਾਮ ਸਿੰਘ ਚੜੂਨੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਤਕਰਾਰ ਵੀ ਹੋਈ ਪਰ ਚੜੂਨੀ ਆਪਣੀ ਗੱਲ ’ਤੇ ਅੜੇ ਰਹੇ। ਹਾਲਾਂਕਿ ਚੜੂਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਖੁਦ ਚੋਣ ਮੈਦਾਨ ‘ਚ ਨਹੀਂ ਉਤਰਣਗੇ, ਸਗੋਂ ਕਿਸਾਨਾਂ ਨੂੰ ਮੈਦਾਨ ‘ਚ ਉਤਾਰਨਗੇ।