ਚੰਡੀਗੜ੍ਹ : ਸਰਦੀਆਂ ਦੀ ਹਾਲੇ ਸ਼ੁਰੂਆਤ ਹੀ ਹੋਈ ਹੈ ਕਿ ਰਾਤ ਵੇਲੇ ਸ਼ਹਿਰ ਦਾ ਮੌਸਮ ਸ਼ਿਮਲਾ ਨਾਲੋਂ ਵੀ ਠੰਡਾ ਹੋਣ ਲੱਗ ਪਿਆ ਹੈ। ਆਮ ਤੌਰ ’ਤੇ ਪਹਾੜਾਂ ’ਚ ਭਾਰੀ ਬਰਫ਼ਬਾਰੀ ਤੋਂ ਬਾਅਦ ਕੋਹਰੇ ਦੇ ਨਾਲ ਜਨਵਰੀ ਤੱਕ ਇੰਨੀ ਠੰਡ ਹੁੰਦੀ ਹੈ। ਇਸ ਵਾਰ ਸ਼ਿਮਲਾ ਤੇ ਇਸ ਦੇ ਆਲੇ-ਦੁਆਲੇ ਮਾਮੂਲੀ ਬਰਫ਼ਬਾਰੀ ਤੋਂ ਬਾਅਦ ਠੰਡ ਦਾ ਅਸਰ ਇਕ ਮਹੀਨਾ ਜਲਦੀ ਮਹਿਸੂਸ ਹੋਣ ਲੱਗਿਆ ਹੈ।
ਬੁੱਧਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਸ਼ਿਮਲਾ ਨਾਲੋਂ ਘੱਟ ਰਿਹਾ, ਜੋ ਸੈਕਟਰ 39 ਸਥਿਤ ਮੌਸਮ ਵਿਗਿਆਨ ਕੇਂਦਰ ਦੀ ਆਬਜ਼ਰਵੇਟਰੀ ’ਚ 4.7 ਡਿਗਰੀ ਦਰਜ ਕੀਤਾ ਗਿਆ, ਜਦਕਿ ਸ਼ਿਮਲਾ ’ਚ ਇਹ 5 ਡਿਗਰੀ ਰਿਹਾ। ਦਿਨ ਦਾ ਤਾਪਮਾਨ 21.6 ਡਿਗਰੀ ਦਰਜ ਹੋਇਆ। 18 ਦਸੰਬਰ ਤੱਕ ਸ਼ਹਿਰ ਜਾਂ ਪਹਾੜਾਂ ’ਚ ਬਰਫ਼ਬਾਰੀ ਜਾਂ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।