ਹਰ ਪਾਸੇ ਤਬਾਹੀ ਦਾ ਖੌਫ਼ਨਾਕ ਮੰਜਰ, ਮੰਡੀ ਤੇ ਕੁੱਲੂ ’ਚ ਫਟੇ ਬੱਦਲ, ਰੁੜ੍ਹ ਗਏ 6 ਪੁਲ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੇ ਕੁੱਲੂ ਜ਼ਿਲ੍ਹਿਆਂ ਵਿਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਮੰਡੀ ਦੇ ਦਰੰਗ ਇਲਾਕੇ ’ਚ ਛੇ ਪੈਦਲ ਪੁਲ਼ ਰੁੜ੍ਹ ਗਏ, ਜਿਸ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਨਗਵਾਈਂ ’ਚ ਬੱਦਲ ਫਟਣ ਨਾਲ ਔਟ ਬਾਜ਼ਾਰ ਤੱਕ ਨੁਕਸਾਨ ਪੁੱਜਾ ਹੈ ਜਿੱਥੇ ਸਿਹਤ ਕੇਂਦਰ, ਘਰਾਂ, ਦੁਕਾਨਾਂ ਤੇ ਖੇਤਾਂ ਵਿਚ ਮਲਬਾ ਭਰ ਗਿਆ। ਇਸ ਹਾਲਤ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਚ ਠਹਿਰਾਇਆ ਗਿਆ ਹੈ।

ਸਬਜ਼ੀ ਮੰਡੀ ਟਕੋਲੀ ਵਿਚ ਵੀ ਮਲਬਾ ਦਾਖ਼ਲ ਹੋਣ ਕਾਰਨ ਨੁਕਸਾਨ ਹੋਇਆ ਹੈ ਜਿੱਥੇ ਬਥੇਰੀ ਸਕੂਲ ਤੇ ਪੰਚਾਇਤ ਘਰ ਵਿਚ ਪਾਣੀ ਭਰ ਗਿਆ। ਕੁੱਲੂ ਜ਼ਿਲ੍ਹੇ ਦੇ ਰਸ਼ੋਲ ਵਿਚ ਬੱਦਲ ਫਟਣ ਨਾਲ ਦੋ ਘਰਾਂ ਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਕੁੱਲੂ ਦੀ ਮੋਹਲ ਖੱਡ ਵਿਚ ਹੜ੍ਹ ਕਾਰਨ ਦੋਹਰਾਨਾਲਾ ਵਿਚ ਤਿੰਨ ਦੁਕਾਨਾਂ ਤੇ ਇਕ ਘਰ ਨੁਕਸਾਨਿਆ ਗਿਆ ਹੈ। ਪੀਰੜੀ ਅਤੇ ਚੰਬਾ ਦੇ ਹਡਸਰ ਵਿਚ ਗੱਡੀਆਂ ਮਲਬੇ ਹੇਠ ਦੱਬ ਗਈਆਂ ਜਦਕਿ ਧੁੰਧੀ ਵਿਚ ਲਗਾਤਾਰ ਜ਼ਮੀਨ ਖਿਸਕਣ ਕਾਰਨ ਮਨਾਲੀ-ਲੇਹ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।

ਸੂਬੇ ’ਚ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਤਿੰਨ ਰਾਸ਼ਟਰੀ ਹਾਈਵੇ, ਜਿਨ੍ਹਾਂ ਵਿਚ ਮੰਡੀ ’ਚ ਐੱਨਐੱਚ 21, ਕਿੰਨੌਰ ਵਿਚ ਐੱਨਐੱਚ 05 ਤੇ ਕੁੱਲੂ ਵਿਚ ਐੱਨਐੱਚ 305 ਸਣੇ 355 ਸੜਕਾਂ ਬੰਦ ਹਨ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਨੁਮਾਨ ਮੁਤਾਬਕ 20 ਅਗਸਤ ਤੱਕ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *