ਪੈਰੋਲ ਮਿਲਣ ’ਤੇ ਪੁਲੀਸ ਦੇ ਸਖ਼ਤ ਪਹਿਰੇ ਹੇਠ ਡੇਰਾ ਮੁਖੀ ਨੂੰ ਯੂਪੀ ਸਥਿਤ ਆਸ਼ਰਮ ਭੇਜਿਆ ਗਿਆ

ਸਿਰਸਾ, 15 ਅਕਤੂਬਰ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਚਾਲੀ ਦਿਨਾਂ ਦੀ ਪੈਰੋਲ ’ਤੇ ਬਾਹਰ ਆ ਗਿਆ ਹੈ। ਪੈਰੋਲ ਮਿਲਣ ’ਤੇ ਪੁਲੀਸ ਦੇ ਸਖ਼ਤ ਪਹਿਰੇ ਹੇਠ ਡੇਰਾ ਮੁਖੀ ਨੂੰ ਯੂਪੀ ਸਥਿਤ ਆਸ਼ਰਮ ਭੇਜਿਆ ਗਿਆ। ਡੇਰਾ ਮੁਖੀ ਨੂੰ ਜੇਲ੍ਹ ’ਚੋਂ ਲੈਣ ਲਈ ਉਨ੍ਹਾਂ ਦੀ ਗੋਦ ਲਈ ਧੀ ਹਨੀਪ੍ਰੀਤ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਪੁੱਜੇ ਸਨ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਦੋ ਵਾਰ ਜੇਲ੍ਹ ’ਚੋਂ ਬਾਹਰ ਆ ਚੁੱਕਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਡੇਰਾ ਮੁਖੀ ਨੂੰ ਪੁਲੀਸ ਦੇ ਸਖ਼ਤ ਪਹਿਰੇ ਹੇਠ ਉਤਰ ਪ੍ਰਦੇਸ਼ ਸਥਿਤ ਬਾਗਪਤ ਦੇ ਡੇਰੇ ਪਹੁੰਚਾ ਦਿੱਤਾ ਗਿਆ, ਜਿੱਥੋਂ ਉਨ੍ਹਾਂ ਆਪਣੇ ਪ੍ਰੇਮੀਆਂ ਨੂੰ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਹ ਵੀਡੀਓ ਡੇਰਾ ਪ੍ਰਬੰਧਕਾਂ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਡੇਰਾ ਮੁਖੀ ਨੇ ਸਿਰਸਾ ਤੇ ਰਾਜਸਥਾਨ ਸਥਿਤ ਡੇਰੇ ’ਚ ਰਹਿਣ ਲਈ ਇਜਾਜ਼ਤ ਮੰਗੀ ਸੀ, ਜਿਸ ਨੂੰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਨਜ਼ੂਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਤੇ ਦੋ ਕਤਲਾਂ ਦੇ ਦੋਸ਼ ਹੇਠ ਉਮਰ ਕੈਦ ਭੁਗਤ ਰਿਹਾ ਡੇਰਾ ਮੁਖੀ ਪਹਿਲਾਂ ਫਰਵਰੀ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਅਤੇ ਹੁਣ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। 

Leave a Reply

Your email address will not be published. Required fields are marked *