ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਇੱਕ ਸੂਬਾ ਪੱਧਰੀ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ (ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ) ਸਥਾਪਤ ਕਰਨ ਦੇ ਪ੍ਰਸਤਾਵ ਦਾ ਐਲਾਨ ਕੀਤਾ ਜਿਸ ਦਾ ਹੈੱਡਕੁਆਟਰ ਪਟਿਆਲਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਰਪਿਤ ਯੂਨਿਟ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਉਲੰਘਣਾਵਾਂ ਨਾਲ ਸਬੰਧਤ ਗੁੰਝਲਦਾਰ ਮਾਮਲਿਆਂ ਦੀ ਜਾਂਚ ਵਿੱਚ ਇਕਸਾਰਤਾ ਲਿਆਏਗਾ ਅਤੇ ਜਾਂਚ ਨੂੰ ਸੁਚਾਰੂ ਬਣਾਏਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ (ਐੱਸ.ਐੱਫ.ਡੀ.ਯੂ.) ਨੂੰ ਵੱਡੇ ਪੱਧਰ ਦੀਆਂ ਜੀ.ਐਸ.ਟੀ ਧੋਖਾਧੜੀਆਂ ਦਾ ਪਰਦਾਫਾਸ਼ ਅਤੇ ਜਾਂਚ ਕਰਨ ਦਾ ਕੰਮ ਸੌਂਪਿਆ ਜਾਵੇਗਾ, ਜਿਸ ਵਿੱਚ ਖਾਸ ਤੌਰ ‘ਤੇ ਸਰਕੂਲਰ ਟਰੇਡਿੰਗ ਓਪਰੇਸ਼ਨਾਂ ਨੂੰ ਰੋਕਣ, ਬੇਨਾਮੀ ਲੈਣ-ਦੇਣ ਦਾ ਪਰਦਾਫਾਸ਼ ਕਰਨ ਅਤੇ ਜਾਅਲੀ ਇਨਵੌਇਸਿੰਗ ਦੀਆਂ ਕਾਰਵਾਈਆਂ ਨੂੰ ਖ਼ਤਮ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੂਨਿਟ ਨੂੰ ਸ਼ੱਕੀ ਜੀ.ਐੱਸ.ਟੀ. ਪਛਾਣ ਨੰਬਰਾਂ (ਜੀ.ਐੱਸ.ਟੀ.ਆਈ.ਐੱਨ.) ਨੂੰ ਰੱਦ ਕਰਨ, ਇਨਪੁੱਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦੇ ਗਲਤ ਦਾਅਵਿਆਂ ਨੂੰ ਰੋਕਣ, ਅਤੇ ਕਾਨੂੰਨੀ ਜਵਾਬਦੇਹੀ ਨੂੰ ਬਰਕਰਾਰ ਰੱਖਣ ਲਈ ਅਪਰਾਧੀਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕਰਨ ਸਮੇਤ ਸਖ਼ਤ ਲਾਗੂਕਰਨ ਦੀਆਂ ਕਾਰਵਾਈਆਂ ਸ਼ੁਰੂ ਕਰਨ ਦੀ ਸ਼ਕਤੀ ਦਿੱਤੀ ਜਾਵੇਗੀ।
ਵਿੱਤ ਮੰਤਰੀ ਚੀਮਾ ਦਾ ਵੱਡਾ ਐਲਾਨ ! GST ਇਨਫੋਰਸਮੈਂਟ ਦੀ ਮਜ਼ਬੂਤੀ ਲਈ ਸਥਾਪਿਤ ਕੀਤਾ ਜਾਵੇਗਾ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ
