ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕਲੋਨਾਈਜ਼ਰ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ-ਮੋਹਾਲੀ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਛਾਪੇਮਾਰੀ ਦੇ ਸਮੇਂ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ, ਛਾਪੇਮਾਰੀ ਸਬੰਧੀ ਵਿਜੀਲੈਂਸ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਵਿਜੀਲੈਂਸ ਅਧਿਕਾਰੀ ਗਿੱਲ ਦੇ ਟਿਕਾਣਿਆਂ ਦੀ ਜਾਂਚ ਕਰ ਰਹੇ ਹਨ। ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਨੇ ਗਿੱਲ ਦੇ ਚੰਡੀਗੜ੍ਹ, ਮੋਹਾਲੀ ਅਤੇ ਖਰੜ ਸਥਿਤ ਘਰ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ।
ਦੱਸ ਦੇਈਏ ਕਿ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਕੁਝ ਦਿਨ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ‘ਭਾਜਪਾ’ ਵਿੱਚ ਸ਼ਾਮਲ ਹੋਏ। ਵਿਜੀਲੈਂਸ ਟੀਮ ਨੇ ਗਿੱਲ ਦੇ ਸੈਕਟਰ 2 ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਵਿਜੀਲੈਂਸ ਟੀਮ ਵੱਲੋਂ ਘਰ ਵਿੱਚ ਜਾਂਚ ਜਾਰੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਨੂੰ ਗਿੱਲ ਵਿਰੁੱਧ ਸ਼ਿਕਾਇਤ ਮਿਲੀ ਹੈ, ਜਿਸ ਤੋਂ ਬਾਅਦ ਇਹ ਛਾਪਾ ਮਾਰਿਆ ਗਿਆ ਹੈ। ਗਿੱਲ ਵੀ ਈਡੀ ਦੇ ਰਾਡਾਰ ‘ਤੇ ਸਨ। ਪਰ ਇਸ ਤੋਂ ਪਹਿਲਾਂ, ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ। ਵਿਜੀਲੈਂਸ ਅਧਿਕਾਰੀਆਂ ਅਨੁਸਾਰ, ਗਿੱਲ ਦੇ ਕਈ ਸਾਥੀ ਵੀ ਰਾਡਾਰ ‘ਤੇ ਹਨ। ਗਿੱਲ ਨੂੰ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਖਰੜ ਸੀਟ ਤੋਂ ਦੋ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਦੋਵੇਂ ਵਾਰ ਚੋਣਾਂ ਹਾਰ ਗਏ। ਉਹ ਮਸ਼ਹੂਰ ਕਲੋਨੀ Gillco ਦੇ ਮਾਲਕ ਹਨ।
