ਬਠਿੰਡਾ: ਪੰਜਾਬ ਵਿੱਚ ਵਹੀਕਲਾਂ ਦੀ ਗਿਣਤੀ ਚਿੰਤਾਜਨਕ ਗਤੀ ਨਾਲ ਵੱਧ ਰਹੀ ਹੈ। ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਰਜਿਸਟਰ ਹੋਏ ਵਹੀਕਲਾਂ ਦੀ ਗਿਣਤੀ ’ਚ 137 ਫੀਸਦੀ ਦਾ ਉਛਾਲ ਆਇਆ ਹੈ। ਇਸ ਵਾਧੇ ਨਾਲ ਸਿਰਫ ਟ੍ਰੈਫਿਕ ਦਾ ਦਬਾਅ ਹੀ ਨਹੀਂ ਵਧਿਆ, ਸਗੋਂ ਹਾਦਸਿਆਂ, ਪ੍ਰਦੂਸ਼ਣ ਅਤੇ ਪਾਰਕਿੰਗ ਸੰਕਟ ਵਰਗੀਆਂ ਸਮੱਸਿਆਵਾਂ ’ਚ ਵੀ ਗੰਭੀਰ ਵਾਧਾ ਦਰਜ ਕੀਤਾ ਗਿਆ ਹੈ। ਇੰਨ੍ਹੀ ਤੇਜ਼ੀ ਨਾਲ ਵਧ ਰਹੀ ਵਹੀਕਲਾਂ ਗਿਣਤੀ ਨਾਲ ਨਵੇਂ ਇੰਨਫਰਾਸਟਰੱਕਚਰ ਦੀ ਲੋੜ ਉਤਪੰਨ ਹੋਈ ਹੈ। ਸ਼ਹਿਰੀ ਇਲਾਕਿਆਂ ਵਿਚ ਪਾਰਕਿੰਗ ਦੀ ਘਾਟ, ਰੋਡ ਜਾਮ, ਅਤੇ ਪ੍ਰਦੂਸ਼ਣ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ। ਵਹੀਕਲ੍ਹਾਂ ਦੀ ਗਿਣਤੀ ਵਧਣ ਨਾਲ ਹਾਦਸਿਆਂ ਦੀ ਗਿਣਤੀ ’ਚ ਵੀ ਹਾਲੀਆਂ ਸਾਲਾਂ ’ਚ ਵਾਧਾ ਹੋਇਆ ਹੈ। ਇਸ ਵਿੱਚ ਦੋਪਹੀਆ, ਚਾਰ ਪਹੀਆ, ਵਪਾਰਕ ਵਹੀਕਲ ਅਤੇ ਇਲੈਕਟ੍ਰਿਕ ਵਹੀਕਲ ਸਾਰੇ ਸ਼ਾਮਲ ਹਨ। ਵਹੀਕਲਾਂ ਦੀ ਗਿਣਤੀ ਵਧਣ ਦੇ ਨਾਲ ਨਾਲ ਸਰਕਾਰ ਦੀ ਆਮਦਨੀ ਵੀ ਵਧੀ ਹੈ। ਸਾਲ 2020 ਵਿੱਚ ਸੂਬੇ ’ਚ 5 ਲੱਖ 15 ਹਜ਼ਾਰ ਵਾਹਨ ਰਜਿਸਟਰਡ ਹੋਏ ਸਨ, ਜਦੋਂ ਕਿ ਸਾਲ 2024 ਵਿੱਚ ਇੰਨ੍ਹਾਂ ਦੀ ਗਿਣਤੀ ਵਧ ਕੇ 7 ਲੱਖ 5 ਹਜ਼ਾਰ ਹੋ ਗਈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਪੰਜ ਸਾਲਾਂ ਵਿੱਚ ਵਾਹਨ ਰਜਿਸਟ੍ਰੇਸ਼ਨ ਵਿੱਚ 137 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦੋਂ ਕਿ ਸੂਬੇ ਦੇ ਲੁਧਿਆਣਾ ਵਿੱਚ ਸਭ ਤੋਂ ਵੱਧ ਵਾਹਨ ਰਜਿਸਟਰਡ ਹੋ ਰਹੇ ਹਨ। ਸਾਲ 2024 ਵਿੱਚ ਇੱਥੇ 1 ਲੱਖ ਤੋਂ ਵੱਧ ਵਾਹਨ ਰਜਿਸਟਰਡ ਹੋਏ ਸਨ। ਇਸ ਦੇ ਨਾਲ ਹੀ ਸਰਕਾਰ ਦਾ ਮਾਲੀਆ ਵੀ ਵਧ ਰਿਹਾ ਹੈ, ਜੋ ਕਿ ਪੰਜ ਸਾਲਾਂ ਵਿੱਚ 230 ਫੀਸਦੀ ਵਧਿਆ ਹੈ। ਸਾਲ 2020 ਦੇ ਮੁਕਾਬਲੇ, ਸਾਲ 2024 ਵਿੱਚ ਮਾਲੀਆ 1220 ਕਰੋੜ ਰੁਪਏ ਤੋਂ ਵੱਧ ਕੇ 2810 ਕਰੋੜ ਰੁਪਏ ਹੋ ਗਿਆ।
ਪੰਜ ਸਾਲਾਂ ’ਚ ਪੰਜਾਬ ‘ਚ ਵਾਹਨਾਂ ਦੀ ਗਿਣਤੀ ’ਚ 137 ਫੀਸਦੀ ਵਾਧਾ, ਰੋਡ ਸੇਫਟੀ ਤੇ ਟ੍ਰੈਫਿਕ ਮੈਨੇਜਮੈਂਟ ਲਈ ਵੱਡੀ ਚੁਣੌਤੀ
