ਦੋਰਾਹਾ – ਦੋਰਾਹਾ ਪੁਲਸ ਵੱਲੋਂ ਅਮਨੀਤ ਕੌਂਡਲ ਆਈ. ਪੀ. ਐੱਸ, ਐੱਸ. ਐੱਸ. ਪੀ. ਖੰਨਾ ਦੀ ਹਦਾਇਤ ‘ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਅੰਤਰਰਾਜੀ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ 4 ਪਿਸਤੌਲਾਂ ਸਮੇਤ 5 ਨੌਜਵਾਨਾਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬਾਅਦ ‘ਚ ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਸਿੰਘ ਪੁੱਤਰ ਗੁਰਭੇਜ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਪਿੰਡ ਪਰਿੰਗੜੀ, ਥਾਣਾ ਹਰੀਕੇ, ਜ਼ਿਲ੍ਹਾ ਤਰਨਤਾਰਨ, ਦਲਜੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਸੰਨ ਸਾਹਿਬ ਰੋਡ ਛੇਹਰਟਾ, ਅੰਮ੍ਰਿਤਸਰ ਅਤੇ ਵਪਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਖੈਰੋਲੀ, ਪੋਸਟ ਆਫਿਸ ਸੜਾ, ਤਹਿਸੀਲ ਮਹਿਗਾ ਥਾਣਾ ਅਮਾਇਨ, ਜ਼ਿਲ੍ਹਾ ਬਿੰਡ (ਮੱਧ ਪ੍ਰਦੇਸ਼) ਹਾਲ ਕਿਰਾਏਦਾਰ ਵਾਸੀ ਕੁਬੇਰ ਨਗਰ, ਕਬੀਰ ਆਸ਼ਰਮ ਨੇੜੇ, ਥਾਣਾ ਥਾਟੀਪੁਰ, ਜ਼ਿਲ੍ਹਾ ਗਵਾਲੀਆ (ਮੱਧ ਪ੍ਰਦੇਸ਼) ਵਜੋਂ ਹੋਈ ਹੈ।
ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਡਾ. ਪ੍ਰੱਗਿਆ ਜੈਨ ਆਈ. ਪੀ. ਐੱਸ., ਕਪਤਾਨ ਪੁਲਸ (ਆਈ) ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਐੱਸ. ਪੀ. (ਡੀ) ਖੰਨਾ ਪਵਨਜੀਤ ਸਿੰਘ ਅਤੇ ਇੰਸ. ਅਮਨਦੀਪ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਖੰਨਾ ਦੀ ਅਗਵਾਈ ਹੇਠ 4 ਅਗਸਤ ਨੂੰ ਏ. ਐੱਸ. ਆਈ. ਹਰਦਮ ਸਿੰਘ ਸਮੇਤ ਪੁਲਸ ਪਾਰਟੀ ਪਨਸਪ ਗੋਦਾਮ ਦੋਰਾਹਾ ਸਾਹਮਣੇ ਜੀ. ਟੀ. ਰੋਡ ਨੇੜੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਰਾਤ 9.25 ਵਜੇ ਕਰੀਬ ਕਿਸੇ ਖ਼ਾਸ ਮੁਖ਼ਬਰ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਮੁਲਜ਼ਮ ਬਿਕਰਮਜੀਤ ਸਿੰਘ, ਦਲਜੀਤ ਸਿੰਘ, ਜਸ਼ਨਦੀਪ ਸਿੰਘ, ਜਸ਼ਨਪ੍ਰੀਤ ਸਿੰਘ ਚਾਰੋਂ ਨੌਜਵਾਨ ਜੋ ਕਿ ਨਾਜਾਇਜ਼ ਅਸਲਾ ਆਪਣੇ ਪਾਸ ਰੱਖਣ ਦੇ ਸ਼ੌਕੀਨ ਹਨ ਅਤੇ ਅੱਜ ਵੀ ਕੱਦੋਂ ਚੌਂਕ ਦੋਰਾਹਾ ਪੁਲ ਹੇਠਾਂ ਖੜ੍ਹੇ ਕਿਸੇ ਵਿਅਕਤੀ ਦੀ ਉਡੀਕ ਕਰ ਰਹੇ ਹਨ। ਇਸ ਗੁਪਤ ਸੂਚਨਾ ਦੇ ਅਧਾਰ ‘ਤੇ ਏ. ਐੱਸ. ਆਈ. ਹਰਦਮ ਸਿੰਘ ਨੇ ਪੁਲਸ ਪਾਰਟੀ ਸਮੇਤ ਤੁਰੰਤ ਛਾਪੇਮਾਰੀ ਕਰਦੇ ਹੋਏ ਚਾਰੇ ਕਥਿਤ ਮੁਲਜ਼ਮਾਂ ਨੂੰ ਮੌਕੇ ‘ਤੇ ਕਾਬੂ ਕਰਕੇ ਤਲਾਸ਼ੀ ਲੈਂਦਿਆਂ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ ਪਿਸਤੌਲ .32 ਬੋਰ ਬਰਾਮਦ ਕੀਤਾ ਗਿਆ।
ਐੱਸ. ਐੱਸ.ਪੀ. ਅਮਨੀਤ ਕੌਂਡਲ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਤੋਂ ਕੀਤੀ ਗਈ ਮੁੱਢਲੀ ਪੁੱਛਗਿਛ ਤੋਂ ਪੁਲਸ ਨੂੰ ਪਤਾ ਲਗਾ ਕਿ ਇਹ .32 ਬੋਰ ਪਿਸਤੌਲ ਮੁਲਜ਼ਮ ਵਪਿੰਦਰ ਸਿੰਘ ਪਾਸੋਂ ਗਵਾਲੀਅਰ (ਐੱਮ. ਪੀ.) ਤੋਂ ਲੈ ਕੇ ਆਏ ਹਨ। ਜਿਸ ਤੋਂ ਬਾਅਦ ਵਪਿੰਦਰ ਸਿੰਘ ਨੂੰ ਮਿਤੀ 7 ਅਗਸਤ ਨੂੰ ਮੁਕੱਦਮੇ ‘ਚ ਨਾਮਜ਼ਦ ਕਰਕੇ ਮਾਣਯੋਗ ਅਦਾਲਤ ਪਾਸੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਨ 13 ਅਗਸਤ ਨੂੰ ਐੱਮ. ਪੀ. ਤੋਂ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 3 ਪਿਸਤੌਲ .32 ਬੋਰ ਹੋਰ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੰਜੇ ਮੁਲਜ਼ਮਾਂ ਦੀ ਉਮਰ ਕਰੀਬ 18 ਤੋਂ 20 ਸਾਲ ਵਿਚਕਾਰ ਹੈ, ਜਦੋਂ ਕਿ ਮੁਲਜ਼ਮ ਵਪਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਥਾਣਾ ਅਮਾਇਨ ਵਿੱਚ ਦਰਜ ਹੈ। ਦੋਰਾਹਾ ਪੁਲਸ ਵੱਲੋਂ ਮੁਲਜ਼ਮ ਵਪਿੰਦਰ ਸਿੰਘ ਨੂੰ ਰਿਮਾਂਡ ‘ਤੇ ਲੈ ਲਿਆ ਗਿਆ ਹੈ ਅਤੇ ਉਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।