ਦਰੱਖਤਾਂ ਦੇ ਨੀਵੇਂ ਟਾਹਣੇ ਤੇ ਸੜਕ ’ਚ ਖੱਡਿਆਂ ਕਾਰਨ PRTC ਬੱਸ ਬੇਕਾਬੂ ਹੋ ਕੇ ਡਿੱਗੀ ਖੇਤ ’ਚ, ਕਿਸਾਨਾਂ ਨੇ ਬਚਾਈਆਂ ਸਵਾਰੀਆਂ

ਮਹਿਲਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗਹਿਲ ਤੋਂ ਟੱਲੇਵਾਲ ਵੱਲ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀ ਸੜਕ ‘ਤੇ ਦਰੱਖਤਾਂ ਦੇ ਨੀਵੇਂ ਟਾਹਣੇ ਅਤੇ ਸੜਕ ’ਚ ਖੱਡਿਆਂ ਕਾਰਨ ਇੱਕ ਪੀਆਰਟੀਸੀ ਬੱਸ ਬੇਕਾਬੂ ਹੋ ਕੇ ਖੇਤ ’ਚ ਡਿੱਗ ਗਈ। ਇਹ ਬੱਸ ਬਰਨਾਲਾ ਤੋਂ ਜਗਰਾਉਂ ਜਾ ਰਹੀ ਸੀ। ਹਾਦਸਾ ਟੱਲੇਵਾਲ-ਗਹਿਲ ਸੜਕ ‘ਤੇ ਹੋਇਆ, ਜਿੱਥੇ ਖੇਤ ’ਚ ਕੰਮ ਕਰ ਰਹੇ ਕਿਸਾਨਾਂ ਨੇ ਮੌਕੇ ‘ਤੇ ਪੁੱਜ ਕੇ ਸਵਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬੱਸ ’ਚੋਂ ਬਾਹਰ ਕੱਢ ਲਿਆ। ਕਿਸੇ ਵੀ ਸਵਾਰੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਧਨੇਰ ਗਰੁੱਪ ਦੇ ਆਗੂ ਜਸਵਿੰਦਰ ਸਿੰਘ ਜੱਸਾ, ਪੰਚ ਜਗਰੂਪ ਸਿੰਘ ਗਹਿਲ, ਦਲਜੀਤ ਸਿੰਘ ਗੋਗਾ, ਗੁਰਸੇਵਕ ਸਿੰਘ ਅਤੇ ਸਤਿਨਾਮ ਸਿੰਘ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੜਕ ਕਿਨਾਰੇ ਖੜੇ ਦਰੱਖਤਾਂ ਦੀ ਛਾਂਟੀ ਕਰਨ ਅਤੇ ਅਧੂਰੀ ਪਈ ਸੜਕ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ।

ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਲਾਕੇ ’ਚ ਇਹ ਪਹਿਲਾ ਹਾਦਸਾ ਨਹੀਂ। ਸੜਕ ਕਿਨਾਰੇ ਖੜੇ ਖਸਤਾ ਹਾਲ ਦਰੱਖਤ ਅਤੇ ਟੁੱਟੀ ਸੜਕ ਕਾਰਣ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰੱਖਤਾਂ ਦੀ ਛੰਟਾਈ ਕਰਕੇ ਸੜਕ ਕੰਮ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ, ਤਾਂ ਜੋ ਜਾਨਮਾਲ ਦੀ ਰੱਖਿਆ ਹੋ ਸਕੇ।

Leave a Reply

Your email address will not be published. Required fields are marked *