ਸ੍ਰੀ ਹਰਗੋਬਿੰਦਪੁਰ ਸਾਹਿਬ : ਜੰਮੂ-ਕਟੜਾ ਨੈਸ਼ਨਲ ਹਾਈਵੇ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਇਕ ਵਾਰ ਮੁੜ ਤੋਂ ਵਿਵਾਦ ਭੱਖ ਗਿਆ। ਮੰਗਲਵਾਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੇ ਅਧਿਕਾਰੀ ਪੁਲਿਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਨੇੜੇ ਪਿੰਡ ਨੰਗਲ ਝੋਰ ‘ਚ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ਾ ਲੈਣ ਪਹੁੰਚ ਗਏ। ਕਿਸਾਨਾਂ ਦਾ ਦੋਸ਼ ਹੈ ਕਿ ਪੋਕਲੈਨ ਅਤੇ ਹੋਰ ਮਸ਼ੀਨਾਂ ਸਮੇਤ ਕਬਜ਼ਾ ਲੈਣ ਪਹੁੰਚੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਖੇਤਾਂ ‘ਚ ਲਗਾਈ ਗਈ ਝੋਨੇ ਦੀ ਫ਼ਸਲ ਨੂੰ ਤਬਾਹ ਕਰਨ ਤੋਂ ਬਾਅਦ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਜਦੋਂ ਕਿਸਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਵੱਲੋਂ ਉਨ੍ਹਾਂ ਉੱਪਰ ਲਾਠੀਚਾਰਜ ਵੀ ਕੀਤਾ ਗਿਆ। ਜ਼ਮੀਨ ਮਾਲਕ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਪੈਸੇ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਹਨ। ਉੱਥੇ ਹੀ, ਮੌਕੇ ‘ਤੇ ਵੱਡੀ ਗਿਣਤੀ ‘ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚਣੇ ਸ਼ੁਰੂ ਹੋ ਗਏ ਹਨ ਤੇ ਸੀਨੀਅਰ ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ ਵੀ ਮੌਕੇ ‘ਤੇ ਪਹੁੰਚ ਗਏ ਹਨ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਮਸ਼ੀਨਾਂ ਉਥੋਂ ਹਿਲਣ ਨਹੀਂ ਦਿੱਤੀਆਂ ਜਾ ਰਹੀਆਂ।
ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗ ਹੋਈ ਤੇ ਪ੍ਰਸ਼ਾਸਨ ਨੇ ਮੰਨਿਆ ਕਿ ਜਿਨ੍ਹਾਂ ਜ਼ਮੀਨਾਂ ਦੇ ਪੈਸੇ ਦਿੱਤੇ ਜਾ ਚੁੱਕੇ ਹਨ, ਉਨ੍ਹਾਂ ‘ਤੇ ਹੀ ਕਬਜ਼ਾ ਕੀਤਾ ਜਾਵੇਗਾ ਪਰ ਪ੍ਰਸ਼ਾਸਨ ਆਪਣੀ ਗੱਲ ਤੋਂ ਮੁੱਕਰ ਰਿਹਾ ਹੈ। ਕਿਸਾਨਾਂ ਦੀ ਜ਼ਮੀਨ ਹੀ ਨਹੀਂ ਫ਼ਸਲ ਵੀ ਖਰਾਬ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਨੰਗਲ ਝੌਰ ਅਤੇ ਚੀਮਾ ਖੁੱਡੀ ਦੀ ਹੱਦ ‘ਚ ਪੈਂਦੀ 25-30 ਏਕੜ ਜ਼ਮੀਨ ਹੈ ਜਿਸ ‘ਤੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਡਿਪਟੀ ਕਮਿਸ਼ਨਰ ਦੇ ਕਹਿਣ ‘ਤੇ ਇਸ ਜ਼ਮੀਨ ਦੇ ਵਾਰਡ ਮੁੜ ਮੁਲਾਂਕਣ ਲਈ ਸਰਕਾਰ ਨੂੰ ਭੇਜੇ ਗਏ ਹਨ ਪਰ ਅਜੇ ਤਕ ਸਰਕਾਰ ਵੱਲੋਂ ਇਸ ਜ਼ਮੀਨ ਦਾ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ।
