ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਹੀ ਹੁਕਮਨਾਮਾ ਸਭ ਤੋਂ ਉੱਪਰ, ਧਰਮ ਪ੍ਰਚਾਰ ਕਮੇਟੀ ਨੇ ਕਿਹਾ- ਨਹੀਂ ਮੰਨਾਂਗੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ…

ਪਟਨਾ : ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਲਈ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਜਾਰੀ ਹੁਕਮਨਾਮਾ ਸਭ ਤੋਂ ਉੱਪਰ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਹੁਕਮਨਾਮੇ ਨੂੰ ਹੀ ਅਹੁਦੇਦਾਰ ਤੇ ਮੈਂਬਰ ਮੰਨਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ। ਇਹ ਗੱਲਾਂ ਸੋਮਵਾਰ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਮਹਿੰਦਰ ਪਾਲ ਸਿੰਘ ਢਿੱਲੋਂ ਤੇ ਬੁਲਾਰੇ ਮੈਂਬਰ ਹਰਪਾਲ ਸਿੰਘ ਜੌਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਪਟਨਾ ਸਾਹਿਬ ਦੇ ਪੂਰਨਕਾਲੀ ਜਥੇਦਾਰ ਨੂੰ ਆਦੇਸ਼ ਦੇਣ ਦਾ ਅਧਿਕਾਰ ਨਹੀਂ ਹੈ। ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਦੀ ਅਗਵਾਈ ’ਚ ਪੰਜ ਪਿਆਰਿਆਂ ਦੀ ਬੈਠਕ ’ਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਪੱਸ਼ਟ ਆਦੇਸ਼ ਦਿੱਤਾ ਗਿਆ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਨਾ ਜਾਏ ਤੇ ਨਾ ਹੀ ਉੱਥੇ ਹਾਜ਼ਰੀ ਭਰੇ। ਸ੍ਰੀ ਅਕਾਲ ਤਖ਼ਤ ’ਤੇ ਹਾਜ਼ਰ ਹੋਣ ’ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਪੱਕੇ ਤੌਰ ’ਤੇ ਤਨਖ਼ਾਹੀਆ ਮੰਨਿਆ ਜਾਏਗਾ ਤੇ ਪੰਥਕ ਰਵਾਇਤ ਦੇ ਮੁਤਾਬਕ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਏਗੀ।
ਬੈਠਕ ’ਚ ਮੈਂਬਰਾਂ ਨੇ ਕਿਹਾ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਦੇਸ਼ ਹੈ ਕਿ ਪੂਰਬ ਦੀ ਸੰਗਤ ਹੀ ਗੁਰੂ ਦਾ ਖ਼ਾਲਸਾ ਹੈ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਪਟਨਾ ਦੀ ਸੰਗਤ ਨੂੰ ਸ੍ਰੀ ਗੁਰੂ ਜੀ ਦਾ ਖ਼ਾਲਸਾ ਕਿਹਾ ਹੈ। ਅਜਿਹੇ ’ਚ ਇੱਥੋਂ ਦੇ ਹੀ ਸਿੰਘ ਸਾਹਿਬਾਨ ਦਾ ਆਦੇਸ਼ ਸਭ ਤੋਂ ਉੱਪਰ ਹੈ। ਸੰਗਤ ’ਚ ਸ਼ਾਮਲ ਅਮਰਜੀਤ ਸਿੰਘ ਸ਼ੰਮੀ ਤੇ ਦਮਨਜੀਤ ਸਿੰਘ ਰਾਣੂ ਨੇ ਕਿਹਾ ਕਿ ਸਾਲ 2003 ’ਚ ਸ੍ਰੀ ਅਕਾਲ ਤਖ਼ਤ ’ਤੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ’ਚ ਹੁਕਮਨਾਮਾ ਜਾਰੀ ਕੀਤਾ ਸੀ ਕਿ ਸਥਾਨਕ ਮੁੱਦਾ ਉਸੇ ਤਖ਼ਤ ’ਚ ਹੱਲ ਕੀਤਾ ਜਾਏ।

Leave a Reply

Your email address will not be published. Required fields are marked *