ਐੱਸ ਏ ਐੱਸ ਨਗਰ : ਪੰਜਾਬ ਰਾਜ ਬਾਲ ਸੁਰੱਖਿਆ ਆਯੋਗ ਨੇ ਪਟਿਆਲਾ ਵਿਚ 10 ਸਾਲ ਦੇ ਬੱਚੇ ਦੀ ਮਾਰ ਕੁਟਾਈ ਅਤੇ ਗਰਮ ਪ੍ਰੈੱਸ ਲਾਉਣ ਦੇ ਮਾਮਲੇ ਦਾ ਨੋਟਿਸ ਲਿਆ ਹੈ। ਆਯੋਗ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ। ਆਯੋਗ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ, ਹੁਣ ਬੱਚੇ ਨੂੰ ਗੋਦ ਲੈਣ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ।ਇਸ ਦੌਰਾਨ ਆਯੋਗ ਦੀ ਟੀਮ ਅੱਜ ਪਟਿਆਲਾ ਜਾ ਰਹੀ ਹੈ। ਇਸ ਮਾਮਲੇ ਵਿਚ ਜੁਵੇਨਾਈਲ ਐਕਟ ਦੀਆਂ ਧਾਰਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਤੋਂ ਵੀ ਜਵਾਬ ਮੰਗਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਦੀ ਰਿਸ਼ੀ ਕਾਲੋਨੀ ਵਿਚ ਰਹਿਣ ਵਾਲੀ ਇੱਕ ਔਰਤ ਵੱਲੋਂ 10 ਸਾਲ ਦੇ ਬੱਚੇ ਜਸਕਰਨ ਨੂੰ ਨਿਰਦਈ ਢੰਗ ਨਾਲ ਕੁੱਟਣ, ਬਿਨਾਂ ਛੱਤ ਵਾਲੇ ਕਮਰੇ ਵਿਚ ਰੱਖਣ ਅਤੇ ਉਸ ਦੇ ਚਿਹਰੇ ‘ਤੇ ਗਰਮ ਪ੍ਰੈੱਸ ਲਗਾ ਕੇ ਤਸ਼ੱਦਦ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ । ਉਸ ਬੱਚੇ ਦਾ ਦੋਸ਼ ਸਿਰਫ਼ ਇੰਨਾ ਸੀ ਕਿ ਬੱਚੇ ਨੇ ਗੈੱਸ ਰੈਗੂਲੇਟਰ ਚਲਦਾ ਛੱਡ ਦਿੱਤਾ ਸੀ।ਇਸ ਘਟਨਾ ਦਾ ਪਤਾ ਲੱਗਣ ਤੇ ਅਪਣਾ ਫ਼ਰਜ਼ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਅਰਬਨ ਐਸਟੇਟ ਦੀ ਪੁਲਿਸ ਨੇ ਮਨੀ ਸ਼ਰਮਾ ਨਾਂ ਦੀ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।