ਪੰਜਾਬ ‘ਚ ਵੱਡਾ ਹਾਦਸਾ, ਟੱਕਰ ਤੋਂ ਬਾਅਦ ਕਾਰਾਂ ਦੇ ਉਡੇ ਪਰਖੱਚੇ, ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਨੇੜੇ ਸੋਮਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਦੋ ਕਾਰਾਂ ਵਿਚਾਲੇ ਹੋਈ ਸਿੱਧੀ ਟੱਕਰ ਕਾਰਨ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਡਿਜ਼ਾਇਰ ਕਾਰ ਜੋ ਲੁਧਿਆਣਾ ਤੋਂ ਬਰਨਾਲਾ ਵੱਲ ਆ ਰਹੀ ਸੀ, ਉਹ ਪਿੰਡ ਵਜੀਦਕੇ ਨੇੜੇ ਬਰਨਾਲਾ ਵੱਲੋਂ ਆ ਰਹੀ ਇੰਡੈਵਰ ਕਾਰ ਨਾਲ ਟਕਰਾਅ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੇ ਗਏ।

ਡਿਜ਼ਾਇਰ ਗੱਡੀ ਨੂੰ ਚਲਾ ਰਹੀ ਨੌਜਵਾਨ ਲੜਕੀ ਦੀ ਪਛਾਣ ਗੁਰਲੀਨ ਕੌਰ ਵਜੋਂ ਹੋਈ ਹੈ ਜੋ ਲੁਧਿਆਣਾ ਦੇ ਦੁੱਗਰੀ ਖੇਤਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਟੱਕਰ ਦੌਰਾਨ ਗੁਰਲੀਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਏਐੱਸਆਈ ਕਰਮ ਸਿੰਘ ਅਤੇ ਹੋਰ ਜਵਾਨਾਂ ਨੇ ਜ਼ਖ਼ਮੀ ਗੁਰਲੀਨ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਸ ਭਿਆਨਕ ਹਾਦਸੇ ਦੌਰਾਨ ਇੰਡੈਵਰ ਗੱਡੀ ਵਿਚ ਸਵਾਰ ਚਾਰ ਹੋਰ ਵਿਅਕਤੀ ਵੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟੱਕਰ ਮਗਰੋਂ ਦੋਵੇਂ ਵਾਹਨਾਂ ਦੀ ਹਾਲਤ ਦੇਖਣਯੋਗ ਸੀ। ਖ਼ਾਸ ਕਰਕੇ ਮ੍ਰਿਤਕ ਗੁਰਲੀਨ ਦੀ ਡਿਜ਼ਾਇਰ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾ ਚੂਰ ਹੋ ਚੁੱਕਾ ਸੀ। ਹਾਦਸੇ ਕਾਰਨ ਸੜਕ ‘ਤੇ ਕਾਫੀ ਸਮੇਂ ਲਈ ਟ੍ਰੈਫਿਕ ਜਾਮ ਰਿਹਾ, ਜਿਸ ਨੂੰ ਬਾਅਦ ਵਿਚ ਪੁਲਿਸ ਵੱਲੋਂ ਕੰਟਰੋਲ ਕੀਤਾ ਗਿਆ। ਪੁਲਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੇ ਤੌਰ ‘ਤੇ ਟੱਕਰ ਦਾ ਕਾਰਨ ਤੇਜ਼ ਰਫ਼ਤਾਰ ਜਾਂ ਲਾਈਨ ਕਟਿੰਗ ਦੱਸਿਆ ਜਾ ਰਿਹਾ ਹੈ। ਹਾਦਸੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਦੋਵੇਂ ਵਾਹਨਾਂ ਨੂੰ ਪੁਲਸ ਕਬਜ਼ੇ ਵਿਚ ਲੈ ਚੁੱਕੀ ਹੈ। ਇਸ ਹਾਦਸੇ ਨੇ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਢਾਹ ਦਿੱਤਾ ਹੈ। ਨੌਜਵਾਨ ਗੁਰਲੀਨ ਦੀ ਮੌਤ ਨੇ ਸਾਰਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਸਥਾਨਕ ਲੋਕਾਂ ਨੇ ਸਰਕਾਰ ਅਤੇ ਟ੍ਰੈਫਿਕ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਮੁੱਖ ਸੜਕਾਂ ‘ਤੇ ਸੁਰੱਖਿਆ ਦੇ ਵਧੇਰੇ ਇੰਤਜ਼ਾਮ ਕੀਤੇ ਜਾਣ।

Leave a Reply

Your email address will not be published. Required fields are marked *